ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਵੱਢਿਆ ਟੁੱਕਿਆ ਜਿਸਮ ਪਿਆ ਹੈ ਰੋਜ਼ ਦੀਆਂ ਘਟਨਾਵਾਂ ਨਾਲ।
ਕਿੱਦਾਂ ਅੱਖ ਮਿਲਾਵਾਂ ਯਾਰੋ ਅੱਜ ਮੈਂ ਪੰਜ ਦਰਿਆਵਾਂ ਨਾਲ।

ਬੰਸਰੀਆਂ ਦੇ ਪੋਰ ’ਚ ਸਿੱਕਾ ਭਰ ਦਿੱਤਾ ਏ ਵਕਤਾਂ ਨੇ,
ਨਚਦੇ ਨਚਦੇ ਮੋਰ ਸਹਿਮ ਗਏ ਕਿਹੜਾ ਸਾਜ਼ ਵਜਾਵਾਂ ਨਾਲ।

ਖੜ੍ਹੀਆਂ ਫ਼ਸਲਾਂ ਕੱਚੇ ਕੋਠੇ ਇਹ ਚੰਦਰੇ ਕਿਉਂ ਚਾਹੁੰਦੇ ਨੇ,
ਆਓ ਯਾਰੋ ਗੱਲ ਤਾਂ ਕਰੀਏ ਸ਼ੂਕ ਰਹੇ ਦਰਿਆਵਾਂ ਨਾਲ।

'ਨ੍ਹੇਰੇ ਦੇ ਵਿਚ ਜੰਮੇ ਜਾਏ ਕਿੱਸਰਾਂ ਸੱਚ ਪਛਾਨਣਗੇ,
ਬਿਨ ਸੂਰਜ ਵੱਲ ਮੂੰਹ ਕੀਤਿਆਂ ਤੁਰਦਾ ਨਾ ਪਰਛਾਵਾਂ ਨਾਲ।

ਰਿਸ਼ਤੇ ਦੀ ਚਾਦਰ ਦੀਆਂ ਲੀਰਾਂ ਖਿੱਲਰ ਗਈਆਂ ਏਸ ਤਰ੍ਹਾਂ,
ਚਾਰ ਕਦਮ ਨਾ ਤੁਰ ਕੇ ਰਾਜ਼ੀ ਸੱਕੀ ਭੈਣ ਭਰਾਵਾਂ ਨਾਲ।

ਜਿਹੜਾ ਫੁੱਲ ਖੁਸ਼ਬੋਈ ਵਾਲਾ ਉਹ ਤਾਂ ਮਹਿਕਾਂ ਵੰਡੇਗਾ,
ਉਸ ਨੇ ਬਾਜ਼ ਨਹੀਂ ਆਉਣਾ ਹੈ ਡਾਢੀਆਂ ਸਖ਼ਤ ਸਜ਼ਾਵਾਂ ਨਾਲ।

ਅੰਨਾ ਬੰਦਾ ਵੀ ਬੁੱਝ ਲੈਂਦੇ, ਪੈੜ-ਚਾਲ ਤੋਂ ਸਹਿਜੇ ਤੋਂ,
ਕਿਹੜਾ ਬੰਦਾ ਸਾਂਝ ਪੁਗਾਉਂਦਾ ਹੈ ਕਿਸ ਤਰ੍ਹਾਂ ਦੇ ਰਾਹਵਾਂ ਨਾਲ।

ਸਾਰੇ ਚੌਂਕ ਚੁਰਸਤੇ ਮੱਲੇ ਕਾਲੇ ਫ਼ਨੀਅਰ ਨਾਗਾਂ ਨੇ,
ਯਤਨ ਕਰਾਂ ਕਿ ਕੀਲ ਲਵਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।

ਮਨ ਦੇ ਬੂਹੇ ਬਾਰੀਆਂ-85