ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਅੱਖਾਂ 'ਚ ਉਨੀਂਦਰਾ ਤੇ ਦਿਲ ਸੁੰਨਸਾਨ ਹੈ।
ਸੱਜਣਾਂ ਬਗੈਰ ਸਾਡੀ ਲਬਾਂ ਉੱਤੇ ਜਾਨ ਹੈ।

ਲੋਕਾ ਭਾਣੇ ਹੱਸਦਾ ਇਹ ਸ਼ਹਿਰ ਜਾਪੇ ਵੱਸਦਾ,
ਮੇਰੇ ਲਈ ਉਜਾੜ ਸੁੰਨੀ ਰੋਹੀ ਬੀਆਬਾਨ ਹੈ।

ਫ਼ਿਕਰਾਂ ਦੀ ਛੱਤ ਹੇਠਾਂ ਸਾਰੀ ਰਾਤ ਜਾਗਨਾਂ,
ਮੇਰੇ ਨਾਲ ਗੱਲਾਂ ਕਰੇ ਨੀਲਾ ਅਸਮਾਨ ਹੈ।

ਠੋਕਰੋਂ ਬਚਾਉਂਦਾ ਤੇ ਸੰਭਾਲਦਾ ਹਾਂ ਹਰ ਵੇਲੇ,
ਸੁਪਨਾ ਨਾ ਟੁੱਟ ਜਾਵੇ ਕੱਚ ਦਾ ਸਾਮਾਨ ਹੈ।

ਕਿਸ ਨੂੰ ਸੁਣਾਵਾਂ ਹਾਲ ਟੁੱਟੇ ਹੋਏ ਦਿਲ ਦਾ ਮੈਂ,
ਅੰਨ੍ਹੀ ਬੋਲੀ ਧਰਤੀ ਤੇ ਗੁੰਗਾ ਅਸਮਾਨ ਹੈ।

ਟੰਗਿਆ ਹੈ ਸੂਲੀ ਉੱਤੇ ਚੰਦਰੇ ਹਾਲਾਤ ਭਾਵੇਂ,
ਫੇਰ ਵੀ ਤੂੰ ਵੇਖ ਸਾਡੀ ਚੱਲਦੀ ਜ਼ਬਾਨ ਹੈ।

ਮਨ ਦੇ ਬੂਹੇ ਬਾਰੀਆਂ-99