ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਹ ਦੇ ਰੂਹ ਤੋਂ ਭਾਰ ਵੀਰਨਾ, ਏਦਾਂ ਤਾਂ ਨਾ ਮਾਰ ਵੀਰਨਾ।
ਤੇਰੀ ਧੜਕਣ ਏਥੇ ਧੜਕੇ, ਤੂੰ ਰਾਵੀ ਤੋਂ ਪਾਰ ਵੀਰਨਾ।

ਤੂੰ ਤੇ ਮੈਂ ਇੱਕ ਮਾਂ ਦੇ ਜਾਏ, ਤੀਜਾ ਕਰੇ ਖ਼ਵਾਰ ਵੀਰਨਾ।
ਹੱਥਾਂ ਵਿਚ ਹਥਿਆਰ ਫੜਾਵੇ, ਇਹ ਕਿੱਦਾਂ ਦਾ ਯਾਰ ਵੀਰਨਾ।

ਇਕ ਦੂਜੇ ਦੀ ਛਾਂ ਤੋਂ ਡਰਕੇ, ਡਿੱਗੇ ਮੂੰਹ ਦੇ ਭਾਰ ਵੀਰਨਾ।
ਦਿਲ ਤੋਂ ਦਿਲ ਨੂੰ ਸੜਕ ਸਲੇਟੀ, ਰੋਕੇ ਕਿਉਂ ਸਰਕਾਰ ਵੀਰਨਾ।

ਹਾਸ਼ਮ ਦੀ ਧਰਤੀ ਦਾ ਜਾਇਆਂ, ਹਾਫ਼ਿਜ਼ ਬਰਖ਼ੁਰਦਾਰ ਵੀਰਨਾ।
ਬੁੱਲ੍ਹੇ ਸ਼ਾਹ ਦਾ ਵਾਰਿਸ ਹਾਂ ਮੈਂ, ਕਾਦਰ ਮੇਰਾ ਯਾਰ ਵੀਰਨਾ।

ਪੀਲੂ ਦੀ ਸੱਦ ਬਣ ਚੱਲੀ ਏ, ਦੁੱਲੇ ਦੀ ਵੰਗਾਰ ਵੀਰਨਾ।
ਮੇਰਾ ਤਾਂ ਸੁਲਤਾਨ ਹੈ ਬਾਹੂ, ਦਿਲ ਤੇ ਰਹੇ ਸਵਾਰ ਵੀਰਨਾ।

ਮੈਂ ਦਾਮਨ ਦੀ ਕਵਿਤਾ ਵਿਚਲੀ, ਹਾਕਮ ਨੂੰ ਫਿਟਕਾਰ ਵੀਰਨਾ।
ਆਖ ਦਮੋਦਰ ਅੱਖੀਂ ਡਿੱਠਾ, ਰੱਖ ਨਾ ਰੂਹ ’ਤੇ ਭਾਰ ਵੀਰਨਾ।

ਮਨ ਪਰਦੇਸੀ / 18