ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੁਰਦੇ ਫਿਰਦੇ ਸਾਰੇ ਪਰ ਨਾ ਹਲਚਲ ਹੈ।
ਏਸ ਨਗਰ ਵਿਚ ਹਰ ਬੰਦਾ ਕਿਉਂ ਨਿੱਸਲ ਹੈ।

ਰੁੱਖ ਦੀ ਟਾਹਣੀ ਦਸਤਾ ਬਣੇ ਕੁਹਾੜੀ ਦਾ,
ਮੇਰਾ ਆਪਣਾ ਆਪਾ ਬਣਿਆ ਕਾਤਲ ਹੈ।

ਚੋਰਾਂ ਨੇ ਤਦ ਤੀਕਣ ਆਉਣਾ ਬਾਜ਼ ਨਹੀਂ,
ਜਦ ਤੱਕ ਘਰ ਦਾ ਮਾਲਿਕ ਹੀ ਖ਼ੁਦ ਗਾਫ਼ਿਲ ਹੈ।

ਭਰਮ ਭੁਲੇਖੇ ਕਮਅਕਲੀ ਦੇ ਕੋਟ ਕਿਲ੍ਹੇ,
ਫਿਰ ਵੀ ਲੋਕੀਂ ਮੈਨੂੰ ਆਖਣ ਆਕਿਲ ਹੈ।

ਆਪਣੇ ਹੀ ਪਰਛਾਵੇਂ ਕੋਲੋਂ ਡਰ ਜਾਨਾਂ,
ਮੇਰੇ ਨਾਲੋਂ ਵਧ ਕੇ ਕਿਹੜਾ ਬੁਜ਼ਦਿਲ ਹੈ।

ਤਲਖ਼ ਸਮੁੰਦਰ ਧਰਤੀ ਨੂੰ ਨਾ ਪੀ ਜਾਵੇ,
ਜ਼ਾਲਮ ਲਹਿਰਾਂ ਦੱਸਿਆ ਇਹ ਤਾਂ ਪਾਗਲ ਹੈ।

ਵੱਡੇ ਸੁਪਨੇ ਲੈ ਕੇ ਫਿਰ ਘਬਰਾ ਜਾਨਾਂ,
ਸਾਥ ਤੇਰੇ ਬਿਨ ਤੁਰਨਾ ਡਾਢਾ ਮੁਸ਼ਕਿਲ ਹੈ।

ਮਨ ਪਰਦੇਸੀ / 19