ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਖ਼ ਵਿਚ ਨਾ ਤੂੰ ਮਾਰ ਬਾਬਲਾ ।
ਕਰ ਨਾ ਅੱਤਿਆਚਾਰ ਬਾਬਲਾ ।

ਮਾਂ ਦੇ ਸਿਰ ਦੀ ਚੁੰਨੀ ਹਾਂ ਮੈਂ,
ਤੇਰੀ ਵੀ ਦਸਤਾਰ ਬਾਬਲਾ ।

ਦੱਸ ਬਗੀਚੇ ਵਿਚ ਕੀ ਹੁੰਦੈ,
ਇਕ ਤਿਤਲੀ ਦਾ ਭਾਰ ਬਾਬਲਾ ।

ਨਾ ਤੋੜੀਂ ਨਾ ਤੋੜੀਂ, ਵੇਖੀਂ,
ਮੈਂ ਜ਼ਿੰਦਗੀ ਦੀ ਤਾਰ ਬਾਬਲਾ ।

ਤੇਰੀਆਂ ਸੱਤੇ ਖ਼ੈਰਾਂ ਮੰਗਦੀ,
ਸਭ ਕੂੰਜਾਂ ਦੀ ਡਾਰ ਬਾਬਲਾ ।

ਖ਼ੁਸ਼ਬੋਈ ਬਿਨ ਫੁੱਲ ਵੀ ਮੰਨਦੇ,
ਰੰਗਾਂ ਦਾ ਵੀ ਭਾਰ ਬਾਬਲਾ ।

ਮੈਂ ਵੀ ਤੇਰੀ ਕੁਲ ਦਾ ਚਾਨਣ,
ਕਿਉਂ ਸਮਝੇਂ ਤੂੰ ਭਾਰ ਬਾਬਲਾ ।

ਮੈਂ ਤੇਰੇ ਤੋਂ ਹੋਰ ਨਾ ਮੰਗਾਂ,
ਲੈ ਬਾਹਾਂ ਵਿਚਕਾਰ ਬਾਬਲਾ ।

ਮਨ ਪਰਦੇਸੀ /39