ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਰੋ ਰੋ ਮੈਥੋਂ ਗੀਤ ਬਣਾਇਆ ਜਾਣਾ ਨਹੀਂ ।
ਹੌਕੇ ਭਰਕੇ ਜਸ਼ਨ ਮਨਾਇਆ ਜਾਣਾ ਨਹੀਂ ।

ਨੇਤਰਦਾਨ ਕਰਨ ਦੀ ਸਿੱਖਿਆ ਦੇਂਦੇ ਹੋ,
ਆਪ ਤੁਸਾਂ ਨੇ ਕਿਸਨੂੰ ਕੀਤਾ ਕਾਣਾ ਨਹੀਂ ।

ਨਸ਼ਿਆਂ ਦੀ ਭੱਠੀ ਨੂੰ ਚਾੜ੍ਹੀ ਬੈਠੇ ਹੋ,
ਦਾਰੂ ਪੀ ਕੇ ਮਰਨਾ, ਰੱਬ ਦਾ ਭਾਣਾ ਨਹੀਂ ।

ਨਾਗ ਵਰਮੀਆਂ ਦੀ ਹੀ ਪੂਜਾ ਹੁੰਦੀ ਹੈ,
ਐਸੀ ਥਾਂ ਤੇ ਮੇਰਾ ਆਉਣਾ ਜਾਣਾ ਨਹੀਂ ।

ਅਸਲੀ ਨਕਲੀ ਅੱਥਰੂ ਤੁਰੰਤ ਪਛਾਣ ਲਵੇ,
ਕਮਲਾ ਵੀ ਨਹੀਂ, ਦਿਲ ਜੋ ਬਹੁਤ ਸਿਆਣਾ ਨਹੀਂ ।

ਸੱਜਰੇ ਧੋਖੇ ਖਾਧੇ ਤਾਹੀਂਓ ਡਰਦਾ ਹਾਂ,
ਮੇਰਾ ਬੇ-ਵਿਸ਼ਵਾਸੀ ਰੋਗ ਪੁਰਾਣਾ ਨਹੀਂ ।

ਵਰਜ ਦਈਂ ਤੂੰ, ਜੇ ਵਿਸ਼ਵਾਸੋਂ ਡੋਲਾਂ ਮੈਂ,
ਮੇਰਾ ਕੁਝ ਨਹੀਂ ਰਹਿਣਾ, ਤੇਰਾ ਜਾਣਾ ਨਹੀਂ ।

ਮਨ ਪਰਦੇਸੀ/66