ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਨੀ ਮੇਰੀ ਬਾਤ

ਮੈਂ ਹੁਣ ਤੀਕ ਪੰਜਾਬੀ ਕਵਿਤਾ ਦੇ ਕਈ ਰੂਪ ਲਿਖੇ ਨੇ। ਆਜ਼ਾਦ ਨਜ਼ਮ ਦੇ ਨਾਲ-ਨਾਲ ਗ਼ਜ਼ਲ, ਗੀਤ, ਰੁਬਾਈ, ਮਾਹੀਆ, ਬੈਂਤ ਤੇ ਟੱਪੇ ਵੀ। ਮੈਨੂੰ ਪਤਾ ਹੀ ਨਹੀਂ ਲੱਗਦਾ, ਵਿਸ਼ੇ ਮੁਤਾਬਕ ਕਵਿਤਾ ਆਪਣਾ ਕਾਵਿ-ਰੂਪ ਆਪੇ ਹੀ ਲੱਭ ਲੈਂਦੀ ਹੈ।

ਪਿਛਲੇ ਕੁਝ ਸਾਲਾਂ ਤੋਂ ਗਜ਼ਲ ਨੇ ਮੇਰੇ ਮਨ ਚਿੱਤ ਨੂੰ ਗਲਾਵਾਂ ਪਾ ਲਿਆ ਸੀ। ਕਵਿਤਾ ਲਗਪਗ ਰੁੱਸ ਹੀ ਚੱਲੀ ਸੀ। ਪਰ ਹੁਣ ਸੰਤੁਲਨ ਰੱਖਣ ਦੀ ਕੋਸ਼ਿਸ਼ 'ਚ ਹਾਂ।

ਇਸ ਗ਼ਜ਼ਲ ਸੰਗ੍ਰਹਿ ਦਾ ਸਰਵਰਕ ਸ਼ਿੰਗਾਰਨ ਲਈ ਸਾਡੀ ਦੋਹਤਰੀ ਸਹਰ ਸੰਧੂ (ਸੱਤ ਸਾਲ ਦੀ ਬਾਲੜੀ) ਨੇ ਇੱਕ ਪੇਂਟਿੰਗ ਕੀਤੀ ਹੈ। ਇਹ ਮੇਰੇ ਲਈ ਸਨਮਾਨਜਨਕ ਤਾਂ ਹੈ ਹੀ, ਉਸਦੇ ਮਾਪਿਆਂ ਅਮਰਿੰਦਰ ਤੇ ਸੰਗਰਾਮਜੀਤ ਸਿੰਘ ਸੰਧੂ ਲਈ ਵੀ ਫ਼ਖ਼ਰ ਵਾਲੀ ਗੱਲ ਹੈ। ਇਸ ਪੇਂਟਿੰਗ ਨੂੰ ਸਹਰ ਦੇ ਕਲਾਤਮਕ ਰੌਸ਼ਨ ਭਵਿੱਖ ਦਾ ਪਹਿਲਾ ਖ਼ੂਬਸੂਰਤ ਇਕਰਾਰਨਾਮਾ ਸਮਝਣਾ ਚਾਹੀਦਾ ਹੈ।

ਇਸ ਸੰਗ੍ਰਹਿ ਵਿੱਚ ਮੈਂ ਉਹ ਮੁਲਾਕਾਤ ਵੀ ਸ਼ਾਮਲ ਕਰ ਰਿਹਾਂ ਜੋ ਸ਼ਾਇਰ ਮਿੱਤਰ ਬੂਟਾ ਸਿੰਘ ਚੌਹਾਨ (ਬਰਨਾਲਾ) ਦੀ ਪ੍ਰੇਰਨਾ ਨਾਲ ਚੰਡੀਗੜ੍ਹ ਸਿਰਜਕ ਪੁੱਤਰ ਨਵਦੀਪ ਸਿੰਘ ਗਿੱਲ ਨੇ ਕੀਤੀ ਹੈ। ਇਸ ਮੁਲਾਕਾਤ ਰਾਹੀਂ ਤੁਸੀਂ ਮੈਨੂੰ ਨੇੜਿਓਂ ਜਾਣ ਸਕੋਗੇ।

ਮੁਲਾਕਾਤ

ਗਿੱਲ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੇ ਗ਼ਜ਼ਲ ਦੇ ਸਫ਼ਰ ਬਾਰੇ ਗੱਲ ਕਰੀਏ, ਤੁਸੀਂ ਇਸ ਨਾਲ ਕਿਵੇਂ ਪਰਣਾਏ ਗਏ?

-ਕਵਿਤਾ ਮੇਰੇ ਚੌਗਿਰਦੇ 'ਚ ਸੀ। ਮਿੱਟੀ ਦਾ ਖ਼ਮੀਰ ਹੀ ਅਜਿਹਾ ਸੀ। ਮੇਰੇ ਬਚਪਨ ਵੇਲੇ ਸ਼ਿਵ ਕੁਮਾਰ, ਜਸਵੰਤ ਸਿੰਘ ਰਾਹੀ, ਦੀਵਾਨ ਸਿੰਘ ਮਹਿਰਮ, ਗੋਪਾਲ ਦਾਸ ਗੋਪਾਲ, ਬਰਕਤ ਰਾਮ ਯੁਮਨ ਵਰਗੇ ਸ਼ਾਇਰਾਂ ਤੇ ਅਮਰਜੀਤ ਗੁਰਦਾਸਪੁਰੀ ਵਰਗੇ ਗਾਇਕਾਂ ਤੋਂ ਇਲਾਵਾ ਜੋਗਾ ਸਿੰਘ ਜੋਗੀ ਵਰਗੇ ਕਵੀਸ਼ਰਾਂ ਦੀ

ਮਨ ਪਰਦੇਸੀ/9