ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਅੱਧ ਬੋਲ ਸੁਣਾ ਦੇ ਮੈਨੂੰ ਹਾਲੇ ਦਿਲ ਨਹੀਂ ਭਰਿਆ ਯਾਰ।
ਇਕਲਾਪੇ ਦਾ ਬੋਝ ਮੇਰੇ ਤੋਂ, ਹੋਰ ਨਾ ਜਾਵੇ ਜਰਿਆ ਯਾਰ।

ਜਿਵੇਂ ਸ਼ਰੀਂਹ ਦੀਆਂ ਫ਼ਲੀਆਂ ਛਣਕਣ ਪੌਣ ਵਗੇ ਘੁੰਗਰਾਲਾਂ ਵਾਂਗ,
ਹਾਸੇ ਦੀ ਛਣਕਾਰ ’ਚ ਕੀ ਤੂੰ , ਜਾਦੂ ਦੱਸ ਦੇ, ਭਰਿਆ ਯਾਰ।

ਚੂਸ ਲਵਾਂ ਸਭ ਤਲਖੀਆਂ ਤੇਰੇ ਮੱਥੇ ਅੰਦਰੋਂ ਦਿਲ ਕਰਦੈ ,
ਏਸ ਜਗਾ ਨਾ ਸ਼ਿਕਨ ਮੇਰੇ ਤੋਂ, ਹੁਣ ਨਾ ਜਾਵੇ ਜਰਿਆ ਯਾਰ।

ਹਰ ਵਾਰੀ, ਹਰ ਥਾਂ ਨਾ ਦਰਦ ਸੁਣਾਇਆ ਜਾਵੇ ਸਭਨਾਂ ਨੂੰ,
ਅੱਜ ਅਚਾਨਕ ਉੱਛਲਿਆ ਹੈ, ਜੋ ਮਨ ਰਹਿੰਦਾ ਭਰਿਆ ਯਾਰ।

ਚਾਰ ਚੁਫੇਰੇ ਮੇਰੇ ਕਿਉਂ ਨੇ , ਸਹਿਮੇ ਹੋਏ ਧਰਤ ਆਕਾਸ਼ ,
ਹਰ ਚਿਹਰਾ ਹੀ ਜ਼ਰਦ ਭੂਕ ਹੈ, ਹੋਵੇ ਜੀਕੂ ਡਰਿਆ ਯਾਰ ।

ਤੂੰ ਹੋਵੇਂ ਤਾਂ ਅਗਨੀ ਵੀ ਹਮਰਾਜ਼ ਵਾਂਗਰਾਂ ਲੱਗਦੀ ਮੈਨੂੰ
ਕਲ੍ਹਿਆਂ ਬਹੁਤ ਮੁਹਾਲ ਅਗਨ ਦਾ ਮੈਂ ਦਰਿਆ ਹੈ ਤਰਿਆ ਯਾਰ।

ਗਲਵੱਕੜੀ ਵਿੱਚ ਉਹ ਪਲ ਸਾਰੇ , ਕੱਸਣੇ ਚਾਹਾਂ ਮੁੜ ਕੇ ਫੇਰ,
ਇਤਰ ਸਰੋਵਰ ਨੂੰ ਜਦ ਆਪਾਂ, ਰਲ ਮਿਲ ਕੇ ਸੀ ਤੁਰਿਆ ਯਾਰ।

ਮਨ ਪਰਦੇਸੀ / 92