ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਊਣਾ ਅਲਬੇਲੇ ਸੁਭਾਅ ਦਾ ਮਾਲਕ ਸੀ, ਅੱਲੋਕਾਰ ਗੱਲਾਂ ਕਰਨ ਵਾਲ਼ਾ। ਇਕ ਵਾਰ ਉਸ ਨੂੰ ਕੀ ਸੁੱਝੀ-ਉਹਨੇ ਨਾਭੇ ਦੇ ਰਾਜੇ ਹੀਰਾ ਸਿੰਘ ਦੇ ਮਹਿਲਾਂ ਵਿੱਚ ਜਾ ਕੇ ਘੋੜੀ ਖੋਲ੍ਹ ਲਈ। ਗੋਲੀ ਸਿੰਨ੍ਹ ਕੇ ਸੰਤਰੀ ਨੂੰ ਆਖਿਆ, "ਕਹਿੰਦੀਂ ਆਪਣੇ ਰਾਜੇ ਨੂੰ ਜੀਊਣਾ ਮੌੜ ਲੈ ਗਿਆ ਤੇਰੀ ਘੋੜੀ।"

ਲੋਕੀਂ ਵਾਰੇ-ਵਾਰੇ ਜਾ ਰਹੇ ਸਨ ਜੀਊਣੇ ਮੌੜ ਦੇ, ਜਿਸ ਨੇ ਰਾਜੇ ਦੀ ਘੋੜੀ ਖੋਲ੍ਹ ਲਈ ਸੀ। ਰਾਜੇ ਨੇ ਆਪਣੀ ਪੁਲਿਸ ਉਹਦੇ ਮਗਰ ਲਾ ਦਿੱਤੀ। ਆਖ਼ਰ ਸੁੱਤਾ ਪਿਆ ਜੀਊਣਾ ਮੌੜ ਫੜਿਆ ਗਿਆ ਕਹਿੰਦਾ "ਮੈਂ ਤਾਂ ਚਾਲ ਵੇਖਣ ਲਈ ਹੀ ਚੁਰਾਈ ਸੀ।"

ਉਸ ਨੂੰ ਨਾਭਾ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਪ੍ਰੰਤੂ ਉਹ ਅਗਲੀ ਰਾਤ ਹੀ ਜੇਲ੍ਹ ਭੰਨ ਕੇ ਨਸ ਆਇਆ......

ਜੀਊਣਾ ਮੌੜ ਨੈਣਾਂ ਦੇਵੀ ਦਾ ਸ਼ਰਧਾਲੂ ਸੀ। ਉਸ ਨੂੰ ਵਿਸ਼ਵਾਸ ਸੀ ਕਿ ਉਹ ਉਸ ਦੀ ਹਰ ਪਲ ਰੱਖਿਆ ਕਰਦੀ ਹੈ। ਉਹਨੇ ਨੈਣਾਂ ਦੇਵੀ ਦੇ ਮੰਦਿਰ ਤੇ ਜਾ ਕੇ ਸੋਨੇ ਦਾ ਛਤਰ ਚੜ੍ਹਾਉਣ ਦਾ ਐਲਾਨ ਕਰ ਦਿੱਤਾ-

ਉਸ ਨੇ ਖ਼ਬਰਾਂ ਭੇਜੀਆਂ ਸਾਰੇ ਰਾਜਿਆਂ ਨੂੰ,
ਨੈਣਾਂ ਦੇਵੀ ਦੇ ਮੰਦਰ ਤੇ ਜਾਊਂਗਾ ਮੈਂ।
ਜੀਹਦੇ ਆਸਰੇ ਫ਼ੌਜਾਂ ਦੇ ਨੱਕ ਮੋੜੇ,
ਛਤਰ ਸੋਨੇ ਦਾ ਚਾੜ੍ਹ ਕੇ ਆਊਂਗਾ ਮੈਂ।
ਜ਼ੋਰ ਲਾ ਕੇ ਆਜਿਓ ਫੜਨ ਮੈਨੂੰ,
ਨਹੀਂ ਮਰਨ ਤੋਂ ਮੁੱਖ ਭਵਾਉਂਗਾ ਮੈਂ।

ਨੈਣਾਂ ਦੇਵੀ ਦੇ ਦਰਸ਼ਨਾਂ ਨੂੰ ਜਾਂਦਿਆਂ ਜੀਉਣੇ ਮੌੜ ਨੇ ਪਟਿਆਲਾ ਸ਼ਹਿਰ ਵਿੱਚ ਜਾ ਕੇ ਪੁਲਿਸ ਦੇ ਹੌਲਦਾਰ ਦਾ ਭੇਸ ਧਾਰ ਕੇ ਕਿਲ੍ਹਾ ਮੁਬਾਰਕ ਦੀ ਕੰਧ ਉੱਤੇ ਲਿਖ ਕੇ ਕਾਗਜ਼ ਲਾ ਦਿੱਤਾ, "ਜੀਊਣਾ ਮੌੜ ਅਦਾਲਤ ਬਾਜ਼ਾਰ 'ਚ ਫਿਰਦੈ, ਫੜ ਲਓ, ਆਥਣੇ ਸੱਤ ਵਜੇ ਉਹ ਨੈਣਾਂ ਦੇਵੀ ਨੂੰ ਜਾਣ ਖ਼ਾਤਰ ਗੱਡੀ ਚੜੂਗਾ।"

ਥਾਂ-ਥਾਂ ਪੁਲਿਸ ਟੱਕਰਾਂ ਮਾਰਦੀ ਰਹੀ ਪ੍ਰੰਤੂ ਜੀਊਣਾ ਮੌੜ ਸਾਧੂ ਦਾ ਭੇਸ ਧਾਰ ਕੇ ਨੈਣਾਂ ਦੇਵੀ ਲਈ ਗੱਡੀ 'ਤੇ ਸਵਾਰ ਹੋ ਗਿਆ। ਰੇਲ ਦੇ ਕੱਲੇ-ਕੱਲੇ ਡੁੱਬੇ 'ਚ ਭਾਲ਼ ਕੀਤੀ ਗਈ ਪ੍ਰੰਤੂ ਸਾਧ ਬਣਿਆਂ ਜੀਊਣਾ ਮੌੜ ਕਿਸੇ ਤੋਂ ਪਛਾਣ ਨਾ ਹੋਇਆ।

ਜੀਊਣਾ ਮੌੜ ਸਾਧ ਦੇ ਭੇਸ ਵਿੱਚ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਨੈਣਾਂ ਦੇਵੀ ਦੇ ਮੰਦਿਰ ਪੁੱਜ ਗਿਆ। ਪੁਲਿਸ ਭੇਸ ਬਦਲ ਕੇ ਮੰਦਿਰ ਦੇ ਅੰਦਰ-ਬਾਹਰ ਸਤੱਰਕ ਖੜੋਤੀ ਹੋਈ ਸੀ। ਜੀਊਣੇ ਮੌੜ ਨੇ ਸਾਧੂ ਦੇ ਭੇਸ ਵਿੱਚ ਨੈਣਾਂ ਦੇਵੀ ਦੇ ਖੁੱਲ੍ਹੇ ਦੀਦਾਰ ਕੀਤੇ ਤੇ ਸ਼ਰਧਾ ਨਾਲ਼ ਸੋਨੇ ਦਾ ਛਤਰ ਦੇਵੀ ਦੀ ਮੂਰਤੀ ਤੇ ਚੜ੍ਹਾ ਆਂਦਾ। ਜੀਊਣੇ ਮੌੜ ਨੇ ਛਤਰ ਚੜ੍ਹਾਇਆ ਹੀ ਸੀ ਕਿ ਇਕ ਸਿਪਾਹੀ ਨੇ ਉਸ ਨੂੰ ਉਹਦੇ ਨੱਕ ਦੇ ਨਿਸ਼ਾਨ ਤੋਂ ਪਛਾਣ ਲਿਆ। ਪੁਲਿਸ ਨੇ ਘੇਰਾ ਤੰਗ ਕਰਕੇ ਉਸ ਨੂੰ

141/ਮਹਿਕ ਪੰਜਾਬ ਦੀ