ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਫੈਲ ਚੁੱਕੇ ਸਨ। ਰਿਗਵੇਦ, ਮਹਾਂਭਾਰਤ ਅਤੇ ਪੁਰਾਣ ਇਹਨਾਂ ਦੇ ਪੰਜਾਬ ਵਿਚ ਆਬਾਦ ਹੋਣ ਦੀ ਸ਼ਾਹਦੀ ਭਰਦੇ ਹਨ।
ਪੰਜਾਬੀ ਜੱਟਾਂ ਨੇ ਬੜੀ ਮਿਹਨਤ ਨਾਲ਼ ਜ਼ਮੀਨਾਂ ਆਬਾਦ ਕੀਤੀਆਂ ਸਨ, ਪਿੰਡ ਵਸਾਏ ਸਨ ਇਸ ਲਈ ਇਹਨਾਂ ਦੇ ਰੋਮ-ਰੋਮ ਵਿੱਚ ਆਪਣੀ ਮਿੱਟੀ ਦਾ ਮੋਹ ਰਮਿਆ ਹੋਇਆ ਹੈ। ਉਹ ਆਪਣੀ ਮਿੱਟੀ ਦੇ ਕਣ-ਕਣ ਨੂੰ ਪਿਆਰ ਕਰਦੇ ਹਨ। ਦੇਸ਼ ਭਗਤ ਸੂਰਮੇ ਹਨ। ਇਹ ਜੱਟ ਹੀ ਸਨ ਜਿਨ੍ਹਾਂ ਨੇ ਬਦੇਸ਼ੀ ਜਰਵਾਣਿਆਂ ਸਕੰਦਰ, ਤੈਮੂਰਲੰਗ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਮਹਮੂਦ ਗਜ਼ਨਵੀਂ ਤੇ ਮੁਹੰਮਦ ਗੌਰੀ ਆਦਿ ਹਮਲਾਵਰਾਂ ਦਾ ਮੁਕਾਬਲਾ ਕਰਕੇ ਉਹਨਾਂ ਦੇ ਛੱਕੇ ਛੁਡਾਏ ਸਨ।
ਆਦਿ ਕਾਲ ਤੋਂ ਹੀ ਕਿਸਾਨੀ ਜੀਵਨ ਪੰਜਾਬੀਆਂ ਦੀ ਪ੍ਰਮੁੱਖ ਜੀਵਨ ਧਾਰਾ ਰਹੀ ਹੈ ਤੇ ਪਿੰਡ ਇਕ ਸੰਪੂਰਨ ਇਕਾਈ ਦੇ ਰੂਪ ਵਿੱਚ ਵਿਕਸਤ ਹੋ ਚੁੱਕਾ ਸੀ। ਜੱਟ ਜ਼ਮੀਨਾਂ ਦੇ ਮਾਲਕ ਸਨ ਤੇ ਹੋਰ ਉਪ ਜਾਤੀਆਂ ਇਹਨਾਂ ਦੇ ਸਹਿਯੋਗੀ ਦੇ ਰੂਪ ਵਿੱਚ ਵਿਚਰ ਰਹੀਆਂ ਸਨ। ਲੋਕਾਂ ਦੀਆਂ ਜੀਵਨ ਲੋੜਾਂ ਥੋੜ੍ਹੀਆਂ ਸਨ। ਹਰ ਲੋੜ ਪਿੰਡ ਵਿੱਚ ਹੀ ਪ੍ਰਾਪਤ ਹੋ ਜਾਂਦੀ ਸੀ। ਜੱਟ ਜ਼ਿਮੀਂਦਾਰ ਫ਼ਸਲਾਂ ਉਗਾਉਂਦੇ ਸਨ, ਤਰਖਾਣ, ਲੁਹਾਰ, ਝਿਊਰ, ਘੁਮਾਰ, ਜੁਲਾਹੇ, ਨਾਈ, ਛੀਂਬੇ, ਪ੍ਰੋਹਤ, ਤੇਲੀ, ਮੀਰਾਸੀ, ਡੂਮ, ਬਾਜ਼ੀਗਰ ਆਦਿ ਉਪ ਜਾਤੀਆਂ ਇਹਨਾਂ ਦੀ ਖੇਤੀਬਾੜੀ ਅਤੇ ਸਮਾਜਕ ਕਾਰਜਾਂ ਵਿੱਚ ਮਦਦਗਾਰ ਹੁੰਦੀਆਂ ਸਨ। ਇਹਨਾਂ ਨੂੰ ਸੇਪੀ ਆਖਦੇ ਸਨ। ਇਸ ਮਦਦ ਦੇ ਬਦਲ ਵਿੱਚ ਜੱਟ ਕਿਸਾਨ ਇਹਨਾਂ ਨੂੰ ਹਾੜ੍ਹੀ ਸਾਉਣੀ ਆਪਣੀ ਫ਼ਸਲ ਤੋਂ ਪਰਾਪਤ ਹੋਈ ਜਿਨਸ ਵਿਚੋਂ ਬੰਨ੍ਹਵਾਂ ਹਿੱਸਾ ਸੇਪ ਦੋ ਰੂਪ ਵਿੱਚ ਦਿੰਦਾ ਸੀ। ਨਕਦ ਪੈਸੇ ਦੇਣ ਦਾ ਰਿਵਾਜ਼ ਨਹੀਂ ਸੀ। ਹਰ ਹਲ਼ ਦੀ ਖੇਤੀ ਅਨੁਸਾਰ ਹਰੇਕ ਉਪਜਾਤੀ ਲਈ ਦਾਣਿਆਂ ਦੀ ਮਾਤਰਾ ਬੰਨ੍ਹੀ ਹੋਈ ਸੀ ਜਿਵੇਂ ਇਕ ਹਲ ਦੀ ਖੇਤੀ ਕਰਨ ਵਾਲਾ ਕਿਸਾਨ ਤਰਖਾਣ ਨੂੰ ਦੋ ਮਣ ਦਾਣੇ, ਦੋ ਹਲਾਂ ਵਾਲ਼ਾ ਚਾਰ ਮਣ ਦਾਣੇ ਹਾੜ੍ਹੀ ਸਾਉਣੀ ਦੇਂਦਾ ਸੀ। ਤਰਖਾਣ ਲੱਕੜੀ ਦਾ ਕੰਮ ਕਰਦੇ ਸਨ, ਲੁਹਾਰ ਲੋਹੇ ਦੇ ਸੰਦ ਬਣਾਉਂਦੇ, ਘੁਮਾਰ ਭਾਂਡੇ ਤੇ ਘੜੇ ਆਦਿ ਪਥਦੇ, ਜੁਲਾਹਿਆਂ ਦਾ ਕੰਮ ਖੱਦਰ ਦਾ ਕੱਪੜਾ ਬੁਨਣਾ ਸੀ। ਛੀਂਬੇ ਕੱਪੜੇ ਲੀੜੇ ਸਿਉਂਦੇ ਸਨ ਤੇ ਝਿਊਰ ਘਰਾਂ ਵਿੱਚ ਜਾ ਕੇ ਪਾਣੀ ਭਰਦੇ ਸਨ। ਰਵਿਦਾਸੀਆਂ ਦਾ ਕੰਮ ਜੁੱਤੀਆਂ ਸਿਊਣਾ ਤੇ ਮੁਰਦੇ ਪਸ਼ੂ ਚੁਕਣਾ ਸੀ। ਬਾਲਮੀਕੀਏ ਗੋਹਾ ਕੂੜਾ ਕਰਦੇ ਸਨ ਤੇ ਜੱਟਾਂ ਨਾਲ ਸਾਂਝੀ ਸੀਰੀ ਰਲ਼ਦੇ ਸਨ। ਪਿੰਡ ਦਾ ਪਰੋਹਤ ਪਿੰਡ ਦਾ ਹਟਵਾਣੀਆਂ ਸੀ ਤੇ ਨਾਲ਼ ਹੀ ਦਵਾਈ ਬੂਟੀ ਦਾ ਆਹੁੜ ਪੁਹੜ ਕਰਨ ਵਾਲਾ ਹਕੀਮ। ਤੇਲੀ ਕੋਹਲੂ ਨਾਲ ਤੇਲ ਕੱਢਦੇ ਸਨ। ਨਾਈ ਵਿਆਹ ਸ਼ਾਦੀਆਂ ਸਮੇਂ ਰਿਸ਼ਤੇਦਾਰੀਆਂ ਵਿੱਚ ਗੱਠਾਂ ਦੇਣ ਅਤੇ ਘਰਾਂ ਵਿੱਚ ਭਾਂਡੇ ਮਾਂਜਣ ਦਾ ਕੰਮ ਕਰਦੇ ਸਨ। ਮੀਰਾਸੀ, ਡੂਮ, ਭਰਾਈ ਪੇਂਡੂਆਂ ਦੇ ਮਨੋਰੰਜਨ ਲਈ ਨਕਲਾਂ ਦੇ ਅਖਾੜੇ ਲਾਉਂਦੇ ਅਤੇ ਬਾਜ਼ੀਗਰ ਬਾਜ਼ੀਆਂ ਪਾਉਂਦੇ ਸਨ।
13/ ਮਹਿਕ ਪੰਜਾਬ ਦੀ