ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਬਾਹਮਣੀ ਮੈਂ ਸੁਨਿਆਰਾ
ਤੇਰੀ ਮੇਰੀ ਨਹੀਂ ਨਿਭਣੀ

ਕਿਧਰੇ ਬ੍ਰਾਹਮਣ ਕੰਨਿਆ ਡਰਦੀ-ਡਰਦੀ ਅੱਖੀਆਂ ਲੜਾਉਂਦੀ ਹੈ-

ਬਾਹਮਣਾਂ ਦੇ ਘਰ ਕੰਨਿਆਂ ਕੁਆਰੀ
ਦਾਗ਼ ਲੱਗਣ ਤੋਂ ਡਰਦੀ
ਉੱਚਾ ਚੁਬਾਰਾ ਸਰਦ ਪੌੜੀਆਂ
ਛਮ-ਛਮ ਕਰਕੇ ਚੜ੍ਹਗੀ
ਸੁੱਤਾ ਪਿਆ ਉਹਨੇ ਯਾਰ ਜਗਾ ਲਿਆ
ਗੱਲਾਂ ਹਿਜ਼ਰ ਦੀਆਂ ਕਰਦੀ
ਅੱਖੀਆਂ ਜਾ ਲੱਗੀਆਂ-
ਜਿਹੜੀਆਂ ਗੱਲਾਂ ਤੋਂ ਡਰਦੀ

ਕੋਈ ਖਚਰਾ ਬ੍ਰਾਹਮਣਾਂ ਦਾ ਮਖੌਲ ਉਡਾਉਂਦਾ ਹੋਇਆ ਵਿਅੰਗ ਕਸਦਾ ਹੈ-

ਖਿਹ ਮਰਦੇ ਬ੍ਰਾਹਮਣ ਮੁਲਾਣੇ
ਸੱਚ ਤਾਂ ਕਿਨਾਰੇ ਰਹਿ ਗਿਆ

ਪਿੰਡਾਂ 'ਚ ਪੰਡਿਤ ਨੂੰ ਦਾਦਾ ਆਖਦੇ ਹਨ। ਦਾਦੇ ਤੋਂ ਦਾਰੂ ਲੈਣ ਦਾ ਆਪਣਾ ਰੰਗ ਹੈ-

ਦਾਦਾ ਦੇ ਦੰਦਾਂ ਦੀ ਦਾਰੂ
ਦਾਦੀ ਦੇ ਦੰਦ ਦੁਖਦੇ

ਕਈ ਵਾਰ ਆਸ਼ਕ ਬਣਿਆਂ ਬਾਹਮਣ ਜੱਟਾਂ ਦੇ ਘਰ ਆ ਵੜਦਾ ਹੈ ਤੇ ਅੱਗੋਂ ਜੱਟੀ ਦਾ ਦਿਉਰ ਉਸ ਦੇ ਮੌਰਾਂ ’ਤੇ ਸਲੰਘਾਂ ਜੜਕੇ ਉਹਦੀ ਭੁਗਤ ਸੁਆਰਦਾ ਹੈ-

ਧਰਮ ਕੋਟ ਦੀ ਧਰਮੋ ਜੱਟੀ
ਬਾਹਮਣ ਅੰਬਰਸਰ ਦਾ
ਲੇਫ਼ ਤਲਾਈ ਬਾਹਮਣ ਦੀ
ਪਲੰਘ ਜੱਟੀ ਦੇ ਘਰ ਦਾ
ਬਾਹਰੋਂ ਆਇਆ ਦਿਓਰ ਜੱਟੀ ਦਾ
ਸਲੰਘ ਗੰਡਾਸਾ ਫੜਦਾ
ਇਕ ਦੋ ਲੱਗੀਆਂ ਸਲੰਘਾਂ ਬਾਹਮਣ ਦੇ
ਨਠਕੇ ਪੌੜੀਆਂ ਚੜ੍ਹਦਾ
ਮਾਰੀਂ ਨਾ ਦਿਓਰਾ-
ਬਾਹਮਣ ਆਪਣੇ ਘਰ ਦਾ

ਇਸੇ ਭਾਵਨਾ ਨੂੰ ਦਰਸਾਉਂਦਾ ਇਕ ਹੋਰ ਲੋਕ ਗੀਤ ਹੈ-

21/ ਮਹਿਕ ਪੰਜਾਬ ਦੀ