ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/328

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਅੱਗ ਲੱਗੀ ਸੀ ਤੇ ਐਕਣ ਹਨੂਮਾਨ ਉੱਪਰ ਟੱਪਦਾ ਸੀ।

ਉਹ ਕਹਿੰਦੀ, "ਦਾਦੇ ਮਗੌਣਿਆਂ ਮੈਂ ਥਾਣੇ ਜਾਊਂ।"
ਜੱਟ ਬੋਲਿਆ, "ਚੱਲ ਮਾਈ ਚਾਰ ਅਸੀਂ ਆਂ ਪੰਜਵੀਂ ਤੂੰ ਵੀ ਚੱਲ ਪੈ।"
ਪੰਜ ਜਣੇ ਸ਼ਹਿਰ ਪੁੱਜ ਗਏ। ਜੱਟ ਨੇ ਇੱਕ ਹੱਟੀ ਤੋਂ ਦੋ ਪੈਸੇ ਦੀਆਂ ਰਿਓੜੀਆਂ ਲੈ ਲਈਆਂ। ਗਹਾਂ ਸਪਾਹੀ ਖੜਾ ਸੀ। ਸਪਾਹੀ ਬੋਲਿਆ, "ਮੇਰੀ ਵੀ ਮਾੜੀ ਜਹੀ ਅੱਖ ਚੋਭ ਦੀ।"
ਜੱਟ ਨੇ ਸਲੰਘ ਮਾਰਕੇ ਸਿਪਾਹੀ ਦੀ ਅੱਖ ਕਾਣੀ ਕਰ ਦਿੱਤੀ।
ਸਪਾਹੀ ਕਹਿੰਦਾ, "ਚਲ ਠਾਣੇ।"
ਜੱਟ ਕਹਿੰਦਾ, "ਪੰਜ ਅਸੀਂ ਛੇਵਾਂ ਤੇ ਚਲਿਆ ਚੱਲ।"
ਛੇਈ ਠਾਣੇ ਚਲੇ ਗਏ। ਪਹਿਲਾਂ ਸਪਾਹੀ ਸੱਦ ਲਿਆ। ਠਾਣੇਦਾਰ ਕਹਿੰਦਾ, "ਕੀ ਗੱਲ ਐ?"
ਜੱਟ ਕਹਿੰਦਾ, "ਸਪਾਹੀ ਨੇ ਮੈਨੂੰ ਕਿਹਾ ਕਿ ਮੇਰੀ ਵੀ ਮਾੜੀ ਜਹੀ ਅੱਖ ਚੋਭ ਦੀ, ਮੈਂ ਸਲੰਘ ਨਾਲ ਇਹਦੀ ਅੱਖ ਕਾਣੀ ਕਰ ਦਿੱਤੀ।"
ਜੱਟ ਉਹਦੇ 'ਚੋਂ ਬਰੀ ਹੋ ਗਿਆ।
ਠਾਣੇਦਾਰ ਨੇ ਫੇਰ ਬੁੜ੍ਹੀ ਸੱਦੀ। ਠਾਣੇਦਾਰ ਕਹਿੰਦਾ, "ਮਾਈ ਕੀ ਗੱਲ ਐ।"
ਉਹ ਕਹਿੰਦੀ, "ਇਹ ਤੁਰੇ ਜਾਂਦੇ ਤੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਕਿੱਥੇ ਨੂੰ ਜਾਂਦੇ ਓ, ਇਹ ਕਹਿੰਦਾ ਲੈਂਕਾ ਨੂੰ। ਮੈਂ ਕਿਹਾ ਲੈਂਕਾ ਕਿਹੋ ਜਹੀ ਸੀ। ਜੱਟ ਨੇ ਚਰਖਾ ਰੱਖ ਕੇ ਝੁੱਗੀ ਨੂੰ ਅੱਗ ਲਾ ਦਿੱਤੀ, ਜਦ ਜਲਗੀ, ਚਰਖਾ ਘੁਮਾਣ ਲੱਗਾ ਤੇ ਕਹਿੰਦਾ ਏਕਣ ਲੈਂਕਾ ਨੂੰ ਅੱਗ ਲੱਗੀ ਸੀ ਤੇ ਏਕਣ ਹਨੁਮਾਨ ਉੱਪਰ ਟੱਪਦਾ ਸੀ।"
ਜੱਟ ਉਹਦੇ ਵਿੱਚੋਂ ਵੀਂ ਬਰੀ ਹੋ ਗਿਆ।
ਫੇਰ ਤੇਲੀ ਸੱਦ ਲਿਆ। ਤੇਲੀ ਨੂੰ ਠਾਣੇਦਾਰ ਕਹਿੰਦਾ, "ਕੀ ਗੱਲ ਐ।"
ਤੇਲੀ ਕਹਿੰਦਾ, "ਇਹਨੇ ਮੈਥੋਂ ਆਨੇ ਦਾ ਤੇਲ ਮੰਗਿਆ ਸੀ, ਮੈਥੋਂ ਥੱਲ੍ਹੇ ਡੁਲ੍ਹ ਗਿਆ, ਮੈਂ ਕਿਹਾ ਤੇਰੀ ਬਲਾ ਗਈ। ਜੱਟ ਨੇ ਮੇਰੇ ਸਾਰੇ ਕੁੱਪੇ ਡੋਲ੍ਹ ਦਿੱਤੇ ਤੇ ਕਿਹਾ, "ਤੇਰੀ ਵੀ ਬਲਾ ਗਈ।"
ਜੱਟ ਇਹਦੇ 'ਚੋਂ ਵੀ ਬਰੀ ਕਰ ਦਿੱਤਾ। ਠਾਣੇਦਾਰ ਨੇ ਫੇਰ ਦੋਨੋਂ ਜੱਟ ਤੀਵੀਂ ਸੱਦ ਲਏ। ਦੋਹਾਂ ਨੇ ਤੀਵੀਂ ਤੇ ਆਪਣਾ ਹੱਕ ਜਤਾਇਆ। ਠਾਣੇਦਾਰ ਕਹਿੰਦਾ, "ਤੀਵੀਂ ਉਹਦੀ ਐ, ਜੀਹਦੇ ਕੋਲ ਮੁੰਡਾ ਜਾਵੇ।"
ਜੱਟ ਨੇ ਮੁੰਡੇ ਨੂੰ ਰਿਓੜੀਆਂ ਵਖਾ ਦਿੱਤੀਆਂ। ਮੁੰਡਾ ਲਾਲਚ ਨਾਲ ਜੱਟ ਕੋਲ ਚਲਿਆ ਗਿਆ। ਠਾਣੇਦਾਰ ਨੇ ਤੀਵੀਂ ਉਸ ਜੱਟ ਨੂੰ ਸੰਭਾਲ ਦਿੱਤੀ। ਜੱਟ ਤੀਵੀਂ ਤੇ ਮੁੰਡਾ ਲੈ ਕੇ ਆਪਣੇ ਘਰ ਨੂੰ ਆ ਗਿਆ।

326/ਮਹਿਕ ਪੰਜਾਬ ਦੀ