ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਝੂਟੇ ਲੈਂਦੀ ਮਰੀਆਂ ਭਿੱਜ ਗਈ
ਨਾਲ਼ੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਕਿਸ਼ਨੋ ਦੀ ਫੁਲਕਾਰੀ
ਪੀਂਘ ਝੂਟਦੀ ਸੱਸੀ ਡਿੱਗ ਪਈ
ਨਾਲੇ ਨੂਰੀ ਨਾਭੇ ਵਾਲ਼ੀ
ਭਿੱਜ ਗਈ ਲਾਜੋ ਵੇ
ਬਹੁਤੇ ਹਿਰਖਾਂ ਵਾਲੀ

ਕਿਧਰੇ ਤੀਆਂ ਦਾ ਗਿੱਧਾ ਆਪਣੇ ਜਲਵੇ ਵਿਖਾਉਂਦੀ ਹੈ। ਗਿੱਧਾ ਇਕ ਅਜਿਹਾ ਪਿੜ ਹੈ ਜਿਥੇ ਮੁਟਿਆਰਾਂ ਆਪਣੇ ਦਿਲਾਂ ਦੇ ਗੁਭ ਗੁਭਾੜ ਕੱਢਦੀਆਂ ਹਨ ਤੇ ਬਿਦ ਬਿਦ ਕੇ ਬੋਲੀਆਂ ਪਾ ਕੇ ਆਪਣੇ ਮਨ ਦਾ ਭਾਰ ਹੌਲਾ ਕਰਦੀਆਂ ਹਨ ਅਤੇ ਸਾਉਣ ਮਹੀਨੇ ਦੇ ਸਦਕੜੇ ਜਾਂਦੀਆਂ ਹਨ:

ਸਾਉਣ ਵੀਰ ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ

ਤੀਆਂ ਦੇ ਰਾਂਗਲੇ ਤਿਉਹਾਰ ਤੋਂ ਇਲਾਵਾ ਸਾਉਣ ਦੇ ਹੋਰ ਵੀ ਅਨੇਕਾਂ ਰੰਗ ਹਨ। ਕਈ ਕਈ ਦਿਨ ਝੜੀਆਂ ਲੱਗਣੀਆਂ ਚਾਰੇ ਬੰਨੇ ਜਲਥਲ ਹੋ ਜਾਣਾ। ਕਿਧਰੇ ਖੀਰਾਂ ਰਿਝਣੀਆਂ, ਕਿਧਰੇ ਮਾਹਲਪੂੜੇ ਪੱਕਣੇ। ਹੁਣ ਉਹ ਗੱਲਾਂ ਨਹੀਂ ਰਹੀਆਂ। ਵਿਕਾਸ ਦੇ ਨਾਂ 'ਤੇ ਲੱਖਾਂ ਦਰੱਖਤਾਂ ਦੇ ਕਤਲੇਆਮ ਨੇ ਕੁਦਰਤੀ ਵਾਤਾਵਰਣ ਦਾ ਸੰਤੁਲਨ ਹੀ ਵਿਗਾੜ ਦਿੱਤਾ ਹੈ...ਪਹਿਲਾਂ ਵਾਂਗ ਮੀਂਹ ਨਹੀਂ ਪੈਂਦੇ... ਕਈ ਵਾਰ ਤਾਂ ਸਾਉਣ ਸੁੱਕਾ ਹੀ ਲੰਘ ਜਾਂਦਾ ਹੈ। ਪਿੰਡਾਂ ਦਾ ਸ਼ਹਿਰੀਕਰਨ ਹੋ ਰਿਹਾ ਹੈ। ਪਹਿਲੇ ਸ਼ੋਂਕ ਰਹੇ ਨਹੀਂ। ਤੀਆਂ ਦਾ ਤਿਉਹਾਰ ਵੀ ਹੁਣ ਪਹਿਲਾਂ ਵਾਲ਼ੇ ਸ਼ੋਕ ਅਤੇ ਉਤਸ਼ਾਹ ਨਾਲ਼ ਨਹੀਂ ਮਨਾਇਆ ਜਾਂਦਾ। ਸਾਉਣ ਮਹੀਨੇ ਵਿੱਚ ਪੱਕਦੇ ਸੁਆਦੀ ਮਾਹਲਪੂੜੇ ਅਤੇ ਰਿਝਦੀਆਂ ਖੀਰਾਂ ਬੀਤੇ ਸਮੇਂ ਦੀਆਂ ਯਾਦਾਂ ਬਣ ਕੇ ਰਹਿ ਗਈਆਂ ਹਨ।

63/ਮਹਿਕ ਪੰਜਾਬ ਦੀ