ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/66

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਪੰਜਾਬ ਦੇ ਲੋਕ ਨਾਚ

ਕਿਸੇ ਖ਼ੁਸ਼ੀ ਦੇ ਮੌਕੇ ਤੇ ਜਦੋਂ ਸਾਡੇ ਅੰਦਰੋਂ ਖ਼ੁਸ਼ੀ ਦੀਆਂ ਤਰੰਗਾਂ ਉਠਦੀਆਂ ਹਨ ਤਾਂ ਸਾਡਾ ਮਨ ਵਜਦ ਵਿੱਚ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ। ਰਾਗ ਤੇ ਤਾਲ ਦੇ ਸੁਮੇਲ ਨਾਲ਼ ਮਨੁੱਖ ਨੱਚ ਉਠਦਾ ਹੈ। ਕੱਲੇ ਮਨੁੱਖ ਦੀ ਖ਼ੁਸ਼ੀ ਵਿੱਚ ਸ਼ਾਮਿਲ ਹੋਣ ਲਈ ਜਦੋਂ ਉਸ ਦੇ ਦੂਸਰੇ ਸਾਥੀ ਉਸ ਨਾਲ਼ ਰਲ਼ ਕੇ ਨੱਚਣ ਲੱਗ ਜਾਂਦੇ ਹਨ ਤਾਂ ਇਹ ਨਾਚ ਸਮੂਹਕ ਨਾਚ ਦਾ ਰੂਪ ਧਾਰ ਲੈਂਦਾ ਹੈ ਜਿਸ ਨੂੰ ਅਸੀਂ ਲੋਕ ਨਾਚ ਦਾ ਨਾਂ-ਦੇਂਦੇ ਹਾਂ।

ਲੋਕ ਨਾਚ ਮਨ ਦੀ ਖ਼ੁਸ਼ੀ ਦਾ ਸਰੀਰਕ ਪ੍ਰਗਟਾਵਾ ਹੈ। ਇਹ ਉਹ ਚਸ਼ਮਾ ਹੈ ਜਿਸ ਵਿੱਚੋਂ ਖ਼ੁਸ਼ੀ ਦੀਆਂ ਫੁਹਾਰਾਂ ਆਪ ਮੁਹਾਰੇ ਹੀ ਵਹਿ ਟੁਰਦੀਆਂ ਹਨ।

ਲੋਕ ਨਾਚ ਬਿਨਾਂ ਕਿਸੇ ਨਿਯਮ ਦੀ ਬੰਧੇਜ ਦੇ ਮੌਜ ਵਿੱਚ ਨੱਚਿਆ ਜਾਂਦਾ ਹੈ। ਇਸ ਨੂੰ ਸਿੱਖਣ ਲਈ ਕਿਸੇ ਉਸਤਾਦ ਦੀ ਲੋੜ ਨਹੀਂ ਨਾ ਹੀ ਕੋਈ ਵਿਸ਼ੇਸ਼ ਸਿੱਖਿਆ ਲਈ ਜਾਂਦਾ ਹੈ। ਲੋਕ ਨਾਚ ਦੀਆਂ ਮੁਦਰਾਵਾਂ ਸਾਧਾਰਨ ਲੋਕਾਂ ਦੀ ਜ਼ਿੰਦਗੀ ਵਾਂਗ ਬੜੀਆਂ ਸਿੱਧੀਆਂ ਤੇ ਸਪੱਸ਼ਟ ਹੁੰਦੀਆਂ ਹਨ। ਸ਼ਾਸਤਰੀ ਨਾਚ ਸਿੱਖਣ ਲਈ ਪਰਬੀਨ ਉਸਤਾਦ ਰਾਹੀਂ ਵਿਸ਼ੇਸ਼-ਸਿੱਖਿਆ ਦੀ ਲੋੜ ਪੈਂਦੀ ਹੈ।

ਜਨ ਸਾਧਾਰਨ ਦੀ ਜ਼ਿੰਦਗੀ ਇਹਨਾਂ ਨਾਚਾਂ ਵਿੱਚ ਧੜਕਦੀ ਹੈ। ਇਹ ਸਾਡੇ ਸਭਿਆਚਾਰ ਦਾ ਦਰਪਣ ਹਨ। ਕਿਸੇ ਇਲਾਕੇ ਦੀ ਭੂਗੋਲਿਕ, ਰਾਜਨੀਤਕ ਅਤੇ ਸਮਾਜਕ ਸਥਿਤੀ ਅਨੁਸਾਰ ਹੀ ਲੋਕ ਨਾਚਾਂ ਦੀ ਰੂਪ ਰੇਖਾ ਉਭਰਦੀ ਹੈ। ਪਹਾੜੀ, ਮੈਦਾਨੀ ਤੇ ਸਾਗਰੀ ਇਲਾਕੇ ਦੇ ਲੋਕਾਂ ਅਤੇ ਜੰਗਲੀ ਜੀਵਨ ਜੀ ਰਹੇ ਲੋਕਾਂ ਦੇ ਨਾਚਾਂ ਵਿੱਚ ਅੰਤਰ ਹੈ। ਕਈ ਇਲਾਕਿਆਂ ਵਿੱਚ ਮਰਦ ਤੀਵੀਆਂ ਰਲ਼ ਕੇ ਨੱਚਦੇ ਹਨ, ਕਈਆਂ ਵਿੱਚ ਕੱਠਿਆਂ ਨੱਚਣ ਦੀ ਮਨਾਹੀ ਹੈ।

ਪੰਜਾਬ ਦੇ ਲੋਕ ਨਾਚ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਪੰਜਾਬ ਦੀ ਭੂਗੋਲਕ ਅਤੇ ਰਾਜਨੀਤਕ ਸਥਿਤੀ ਅਨੁਸਾਰ ਪੰਜਾਬੀਆਂ ਨੂੰ ਮੁਢ ਤੋਂ ਹੀ ਹੱਡ-ਭੰਨਵੀਂ ਕਾਰ ਕਰਨ ਤੋਂ ਉਪਰੰਤ ਬਦੇਸੀ ਹਮਲਾਵਰਾਂ ਨਾਲ ਜੂਝਣਾ ਪਿਆ ਹੈ। ਪੰਜਾਬੀਆਂ ਦੇ ਜੁੱਸੇ ਬੜੇ ਨਰੋਏ ਤੇ ਖੂਬਸੂਰਤ ਹਨ। ਪੰਜਾਬ ਦੀ ਉਪਜਾਊ ਧਰਤੀ, ਇਸ ਦੇ ਮੇਲ੍ਹਦੇ ਦਰਿਆ, ਲਹਿਰਾਂਦੀਆਂ ਫ਼ਸਲਾਂ ਅਤੇ ਪੈਲਾਂ ਪਾਂਦੀਆਂ ਮੁਟਿਆਰਾਂ ਪੰਜਾਬੀਆਂ ਨੂੰ ਸਦਾ ਟੁੰਭਦੀਆਂ ਰਹੀਆਂ ਹਨ। ਪੰਜਾਬੀਆਂ ਦੇ ਸੁਭਾ ਅਤੇ ਮਰਦਊਪੁਣੇ ਦੇ ਲੱਛਣ ਪੰਜਾਬ ਦੇ ਲੋਕ ਨਾਚਾਂ ਵਿੱਚ ਆਮ ਦਿਸ ਆਉਂਦੇ ਹਨ। ਭੰਗੜਾ, ਗਿੱਧਾ, ਝੂੰਮਰ, ਲੁੱਡੀ, ਧਮਾਲ, ਸੰਮੀ ਅਤੇ ਕਿੱਕਲੀ ਆਦਿ ਪੰਜਾਬੀਆਂ ਦੇ ਹਰਮਨ ਪਿਆਰੇ ਨਾਚ ਹਨ।

64/ਮਹਿਕ ਪੰਜਾਬ ਦੀ