ਭੰਗੜਾ ਪੰਜਾਬੀ ਗੱਭਰੂਆਂ ਦਾ ਲੋਕਪ੍ਰਿਯ ਨਾਚ ਹੈ। ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਖੂਪੁਰਾ, ਗੁਜਰਾਤ ਅਤੇ ਸਿਆਲਕੋਟ ਵਿੱਚ ਇਹ ਨਾਚ ਆਮ ਕਰਕੇ ਨੱਚਿਆ ਜਾਂਦਾ ਸੀ। ਦੇਸ਼ ਆਜ਼ਾਦ ਹੋਣ ਪਿੱਛੋਂ ਇਸ ਇਲਾਕੇ ਦੇ ਸ਼ਰਨਾਰਥੀ ਪੰਜਾਬ ਦੇ ਦੂਜੇ ਹਿੱਸਿਆਂ ਵਿੱਚ ਆ ਕੇ ਵਸ ਗਏ ਤੇ ਇਹ ਨਾਚ ਪੂਰਬੀ ਪੰਜਾਬ ਵਿੱਚ ਪ੍ਰਚਲਤ ਹੋ ਗਿਆ। ਜੋਸ਼ ਭਰੇ ਇਸ ਨਾਚ ਨੂੰ ਨੱਚਣ ਲਈ ਨਰੋਏ ਜੁੱਸੇ ਅਤੇ ਫੁਰਤੀਲੇ ਸਰੀਰ ਦੀ ਲੋੜ ਹੈ।
ਅਪ੍ਰੈਲ ਦੇ ਮਹੀਨੇ ਜਦੋਂ ਕਿਰਸਾਨ ਆਪਣੀ ਕਣਕ ਦੇ ਸੁਨਹਿਰੀ ਸਿੱਟਿਆਂ ਨੂੰ ਵੇਖਦਾ ਹੈ ਤਾਂ ਉਸ ਦਾ ਮਨ ਹੁਲਾਰੇ ਵਿੱਚ ਆ ਜਾਂਦਾ ਹੈ। ਉਸ ਦੀ ਖ਼ੁਸ਼ੀ ਦਾ ਪ੍ਰਗਟਾਵਾ ਭੰਗੜੇ ਦੇ ਰੂਪ ਵਿੱਚ ਰੂਪਮਾਨ ਹੁੰਦਾ ਹੈ। ਇਹ ਨਾਚ ਭਾਵੇਂ ਹਰ ਖ਼ੁਸ਼ੀ ਦੇ ਮੌਕੇ ਤੇ ਨੱਚਿਆ ਜਾਂਦਾ ਹੈ ਪਰ ਇਸ ਦਾ ਅਤੁੱਟ ਸੰਬੰਧ ਵਿਸਾਖੀ ਦੇ ਤਿਉਹਾਰ ਨਾਲ਼ ਜੁੜਿਆ ਹੋਇਆ ਹੈ।
ਗਿੱਧਾ ਪੰਜਾਬ ਦੇ ਮਾਲਵੇ ਦੇ ਇਲਾਕੇ ਦਾ ਮੁਟਿਆਰਾਂ ਦਾ ਮਨਮੋਹਕ ਨਾਚ ਹੈ। ਗਿੱਧੇ ਦੇ ਨੱਚਣ ਨੂੰ ਗਿੱਧਾ ਪਾਉਣਾ ਆਖਦੇ ਹਨ। ਗਿੱਧਾ ਕਿਸੇ ਵੀ ਖ਼ੁਸ਼ੀ ਦੇ ਮੌਕੇ ਤੇ ਪਾਇਆ ਜਾ ਸਕਦਾ ਹੈ। ਮੁੰਡੇ ਦੀ ਛਟੀ, ਲੋਹੜੀ ਅਤੇ ਵਿਆਹ ਸ਼ਾਦੀ ਦੇ ਅਵਸਰ ਤੇ ਵਿਸ਼ੇਸ਼ ਤੌਰ ਤੇ ਪਾਇਆ ਜਾਂਦਾ ਹੈ। ਸਾਉਣ ਦੇ ਮਹੀਨੇ ਪੰਜਾਬ ਦੀਆਂ ਸੁਆਉਣੀਆਂ ਇਸ ਨੂੰ ਇੱਕ ਤਿਉਹਾਰ ਦੇ ਰੂਪ ਵਿੱਚ ਮਨਾਉਂਦੀਆਂ ਹਨ, ਜਿਸ ਨੂੰ ਤੀਆਂ ਦਾ ਤਿਉਹਾਰ ਆਖਦੇ ਹਨ।
ਗਿੱਧਾ ਪਾਉਣ ਵੇਲੇ ਕੇਵਲ ਨੱਚਿਆ ਹੀ ਨਹੀਂ ਜਾਂਦਾ ਸਗੋਂ ਮਨ ਦੇ ਭਾਵ ਪ੍ਰਗਟਾਉਣ ਲਈ ਨਾਲ਼ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ। ਇਹਨਾਂ ਬੋਲੀਆਂ ਰਾਹੀਂ ਕੁੜੀਆਂ ਆਪਣੇ ਮਨਾਂ ਦੇ ਹਾਵ ਭਾਵ ਪ੍ਰਗਟ ਕਰਦੀਆਂ ਹਨ।
ਗਿੱਧਾ ਪਾਉਣ ਵੇਲੇ ਕੁੜੀਆਂ ਇੱਕ ਗੋਲ ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ। ਗੱਭੇ ਇੱਕ ਕੁੜੀ ਘੜਾ ਜਾਂ ਢੋਲਕੀ ਲੈ ਕੇ ਬਹਿ ਜਾਂਦੀ ਹੈ। ਢੋਲਕੀ ਵਜਦੀ ਹੈ ਤੇ ਇੱਕ ਕੁੜੀ ਆ ਕੇ ਬੋਲੀ ਪਾਉਂਦੀ ਹੈ। ਉਹ ਬੋਲੀ ਪਾਉਣ ਸਮੇਂ ਚਾਰੇ ਪਾਸੇ ਘੁੰਮਦੀ ਹੈ ਜਦ ਉਹ ਬੋਲੀ ਦਾ ਆਖਰੀ ਟੱਪਾ ਬੋਲਦੀ ਹੈ ਤਾਂ ਪਿੜ ਵਿੱਚ ਖਲੋਤੀਆਂ ਕੁੜੀਆਂ ਉਸ ਟੱਪੇ ਨੂੰ ਚੁੱਕ ਲੈਂਦੀਆਂ ਹਨ-ਭਾਵ ਇਹ ਉਸ ਨੂੰ ਉੱਚੀ-ਉੱਚੀ ਗਾਉਣ ਲੱਗ ਜਾਂਦੀਆਂ ਹਨ ਤੇ ਨਾਲ ਹੀ ਤਾੜੀਆਂ ਮਾਰ ਕੇ ਤਾਲ ਦੇਂਦੀਆਂ ਹਨ ਤੇ ਦਾਇਰੇ ਵਿੱਚੋਂ ਨਿਕਲ਼ ਕੇ ਦੋ ਕੁੜੀਆਂ ਪਿੜ ਵਿੱਚ ਆ ਕੇ ਨੱਚਣ ਲੱਗ ਜਾਂਦੀਆਂ ਹਨ। ਇਹ ਨਾਚ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਬੋਲੀ ਦਾ ਆਖਰੀ ਟੱਪਾ ਕੁੜੀਆਂ ਰਲ ਕੇ ਗਾਉਂਦੀਆਂ ਹਨ। ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਹੁੰਦੀਆਂ ਹਨ। ਝਾਂਜਰਾਂ ਦੀ ਛਣਕਾਰ, ਪੈਰਾਂ ਦੀ ਧਮਕ ਅਤੇ ਢੋਲਕੀ ਦੀ ਤਾਲ ਉੱਤੇ ਬਜਦੀ ਤਾੜੀ ਇੱਕ ਅਨੂਠਾ ਸਮਾਂ ਬੰਨ੍ਹ ਦੇਂਦੀ ਹੈ। ਜਦੋਂ ਤੱਕ ਕੁੜੀਆਂ ਬੋਲੀ ਚੁੱਕੀ ਰੱਖਦੀਆਂ ਹਨ ਨਾਚੀਆਂ ਨੱਚਦੀਆਂ ਰਹਿੰਦੀਆਂ ਹਨ। ਮੁੜ ਨਵੀਂ ਬੋਲੀ ਪਾਈ ਜਾਂਦੀ ਹੈ, ਚੁੱਕੀ ਜਾਂਦੀ ਹੈ ਤੇ ਗਿੱਧਾ ਮਘਦਾ ਰਹਿੰਦਾ ਹੈ।
65/ਮਹਿਕ ਪੰਜਾਬ ਦੀ