ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਸ ਵੇਲੇ ਜ਼ਰੂਰ ਮਾਮੇ ਲੋੜੀਦਾ

ਜੰਝ ਚੜ੍ਹਨ ਤੋਂ ਇਕ ਦਿਨ ਪਹਿਲਾਂ ਭਾਈ-ਚਾਰੇ ਨੂੰ ਕਾਂਜੀ, ਪਕੌੜਿਆਂ ਅਤੇ ਪੋਲ਼ੀਆਂ ਦੀ ਰੋਟੀ ਕੀਤੀ ਜਾਂਦੀ। ਇਸ ਦਿਨ ਸ਼ਰੀਕਾ ਅਤੇ ਅੰਗ-ਸਾਕ ਨਿਉਂਦਾ ਪਾਉਂਦੇ ਸਨ। ਕੁੜੀ ਵਾਲਿਆਂ ਦੇ ਘਰ ਨਿਉਂਦਾ ਪਾਉਣ ਦੀ ਰਸਮ ਜੰਵ ਵਿਦਾ ਹੋਣ ਮਗਰੋਂ ਕੀਤੀ ਜਾਂਦੀ ਸੀ।

ਨਿਉਂਦੇ ਦਾ ਹਿਸਾਬ ਪੁਰਾਣੀ ਵਹੀ ਉੱਤੇ ਰੱਖਿਆ ਜਾਂਦਾ। ਸਾਰੇ ਵਾਧੇ ਵਿੱਚ ਗਿਆਰਾਂ ਤੋਂ ਇੱਕੀ ਰੁਪਈਏ ਤੱਕ ਪਾਉਂਦੇ।

ਜੰਝ ਚੜ੍ਹਨ ਸਮੇਂ ਭੈਣਾਂ ਲਾੜੇ ਦੇ ਸਿਹਰੇ ਬੰਨ੍ਹਦੀਆਂ ਅਤੇ ਵਾਲ਼ ਝਲਦੀਆਂ ਹੋਈਆਂ ਘੋੜੀਆਂ ਗਾਉਂਦੀਆਂ ਸਨ। ਭਾਬੀਆਂ ਸੁਰਮਾ ਪਾਉਣ ਦੀ ਰਸਮ ਕਰਦੀਆਂ——

ਪਹਿਲੀ ਸਿਲਾਈ ਦਿਓਰਾ ਰਸ ਭਰੀ
ਦੂਜੀ ਗੁਲ ਅਨਾਰ
ਤੀਜੀ ਸਿਲਾਈ ਤਾਂ ਪਾਵਾਂ
ਜੇ ਮੋਹਰਾਂ ਦੇਵੇਂ ਚਾਰ

ਕੁੜੀ ਵਾਲ਼ੇ ਪਿੰਡੋਂ ਬਾਹਰ ਆਈ ਜੰਝ ਦਾ ਸੁਆਗਤ ਕਰਦੇ ਸਨ। ਜਾਂਞੀ ਰੁਪੈ ਪੈਸਿਆਂ ਨਾਲ਼ ਢੁਕਾ ਕਰਦੇ। ਡੇਰੇ ਜਾ ਕੇ ਪਹਿਲਾਂ ਕੁੜਮਾਂ ਦੀ ਮਿਲਣੀ ਕਰਵਾਈ ਜਾਂਦੀ ਸੀ ਮਗਰੋਂ ਕੁੜੀ ਮੁੰਡੇ ਦੇ ਮਾਮੇ ਆਪਸ ਵਿੱਚ ਜੱਫੀਆਂ ਪਾ ਕੇ ਮਿਲਣੀ ਕਰਦੇ ਸਨ।

ਰਾਤ ਦੀ ਰੋਟੀ ਤੇ ਲਾੜੇ ਦਾ ਬਾਪ ਵਿਆਹੁਲੀ ਕੁੜੀ ਲਈ ਪੱਤਲ ਭੇਜਦਾ ਸੀ। ਗੱਭਲੀ ਰੋਟੀ ਤੇ ਕੁੜੀਆਂ ਹੇਰੇ ਲਾ ਕੇ ਜੰਨ ਬੰਨ੍ਹਦੀਆਂ ਸਨ। ਬੰਨ੍ਹੀ ਜੰਨ੍ਹ ਨੂੰ ਬਰਾਤੀਆਂ ਵਿੱਚੋਂ ਕੋਈ ਜਣਾ ਕਬਿੱਤ ਪੜ੍ਹ ਕੇ ਛੁਡਾਉਂਦਾ

ਛੁਟੇ ਪ੍ਰਸਾਦ ਅਤੇ ਥਾਲ਼ ਥਾਲ਼ੀਆਂ
ਬੰਨ੍ਹ ਦੇਵਾਂ ਨਾਰਾਂ ਗੋਰੀਆਂ ਤੇ ਕਾਲ਼ੀਆਂ
ਛੁੱਟ ਗਏ ਲੱਡੂ ਮਠਿਆਈ ਕੁਲ ਨੀ
ਬੰਨ੍ਹਾਂ ਤੇਰਾ ਰੂਪ ਜੋ ਪਰੀ ਦੇ ਤੁਲ ਨੀ
ਸੁਣ ਲੈ ਤੂੰ ਗੋਰੀਏ ਲਗਾ ਕੇ ਕੰਨ ਨੀ
ਛੁੱਟ ਗਈ ਜੰਵ ਤੈਨੂੰ ਦੇਵਾਂ ਬੰਨ੍ਹ ਨੀ
ਆਲੂ ਤੇ ਕਚਾਲੂ ਛੁੱਟੇ ਕਲਾਕੰਦ ਨੀ
ਬੰਨ੍ਹ ਦਿੱਤੇ ਮੇਲਣਾਂ ਦੇ ਪਰੀਬੰਦ ਨੀ

ਲਾਵਾਂ ਮਗਰੋਂ ਲਾੜੇ ਨਾਲ ਸੰਬੰਧਿਤ ਸਹੁਰਿਆਂ ਦੇ ਘਰ ਕਈ ਰਸਮਾਂ ਕੀਤੀਆਂ ਜਾਂਦੀਆਂ ਸਨ। ਸਾਲ਼ੀਆਂ ਦੇ ਮਖੌਲ, ਚੂੰਢੀਆਂ ਅਤੇ ਛੇੜ-ਛਾੜ ਮਾਹੌਲ ਵਿੱਚ ਅੱਲ੍ਹੜਪਣੇ ਦਾ ਰੰਗ ਭਰ ਦੇਂਦੇ ਸਨ। ਛੰਦ ਸੁਣਨ ਦੀ ਰਸਮ ਚੰਗੇ ਭਲਿਆਂ ਦੇ ਹੋਸ਼ ਗਵਾ ਦੇਂਦੀ।

78/ਮਹਿਕ ਪੰਜਾਬ ਦੀ