ਪੰਨਾ:ਮਾਓ ਜ਼ੇ-ਤੁੰਗ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਰਾਤਨ ਹੱਥਲਿਖਤਾਂ, ਪੁਸਤਕਾਂ, ਧਾਰਮਿਕ ਮੱਠਾਂ ਨੂੰ ਵੀ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਥੋੜ੍ਹਾ ਜਿਹਾ ਉੱਚਾ ਰਹਿਣ ਸਹਿਣ ਰੱਖਣ ਵਾਲੇ ਲੋਕਾਂ ਦੇ ਘਰਾਂ ਵਿੱਚ ਵੜ੍ਹ ਜਾਂਦੇ, ਉਨ੍ਹਾਂ ਨੂੰ ਘਰ ਵਿਚਲੀ ਜਿਹੜੀ ਵੀ ਚੀਜ ਲਗਦੀ ਕਿ ਇਹ ਬੁਰਜੂਆ ਸੁਹਜ ਸੁਆਦਾਂ ਵਾਲੀ ਹੈ ਉਹ ਚੁੱਕ ਕੇ ਨਸ਼ਟ ਕਰ ਦਿੰਦੇ ਅਤੇ ਪਰਿਵਾਰ ਦੀ ਅਜਿਹੇ ਬੁਰਜੂਆ ਸੁਹਜ ਸੁਆਦ ਲਈ ਝਾੜਝੰਬ ਕਰਦੇ।ਰੈੱਡ ਗਾਰਡਜ਼ ਜਨਤਕ ਸਭਾਵਾਂ ਕਰਦੇ, ਜਿਹੜੇ ਲੋਕ ਉਨ੍ਹਾਂ ਨੂੰ ਲਗਦੇ ਕਿ ਇਹ ਪੂੰਜੀਪਤੀ ਮਾਰਗੀ ਹਨ, ਸੋਧਵਾਦੀ ਹਨ। ਉਨ੍ਹਾਂ ਦੇ ਦੋਸ਼ ਸੁਣਾਏ ਜਾਂਦੇ, ਜ਼ਲੀਲ ਕੀਤਾ ਜਾਂਦਾ, ਪੜਚੋਲ ਲਿਖਵਾਈ ਜਾਂਦੀ ਅਤੇ ਸਜਾਵਾਂ ਸੁਣਾਈਆਂ ਜਾਂਦੀਆਂ। ਪ੍ਰੋਫੈਸਰਾਂ, ਅਧਿਆਪਕਾਂ ਅਤੇ ਹੋਰ ਬੁੱਧੀਜੀਵੀਆਂ ਨੂੰ ਲੋਕਾਂ ਕੋਲੋਂ ਸਿੱਖਣ ਅਤੇ ਸਰੀਰਕ ਮਿਹਨਤ ਕਰਨ ਲਈ ਖੇਤਾਂ, ਕਾਰਖਾਨਿਆਂ ਆਦਿ ਵਿੱਚ ਭੇਜ ਦਿੱਤਾ ਜਾਂਦਾ। ਸਵੈ- - ਸਭਿਆਚਾਰਕ ਇਨਕਲਾਬ ਦੌਰਾਨ ਕਿਹੋ ਜਿਹਾ ਮਾਹੌਲ ਬਣ ਗਿਆ ਸੀ, ਇੱਕ ਮਾਓਵਾਦੀ ਰਸਾਲੇ ਵਿੱਚ ਇਸ ਦਾ ਚਿੱਤਰ ਇਸ ਤਰ੍ਹਾਂ ਨਾਲ ਪੇਸ਼ ਕੀਤਾ ਗਿਆ - ਹੈ - ਨਵੰਬਰ ਅਤੇ ਦਸੰਬਰ 1966 ਵਿੱਚ ਸ਼ੰਘਾਈ ਦਾ ਸਾਰਾ ਸ਼ਹਿਰ ਅਤਿਅੰਤ ਤਿੱਖੀ ਅਤੇ ਗਰਮੋ ਗਰਮ ਬਹਿਸ ਦਾ ਅਖਾੜਾ ਬਣਿਆ ਰਿਹਾ ਜਿਸ ਦਾ ਕੇਂਦਰੀ ਨੁਕਤਾ ਇਹ ਸੀ ਕਿ ਕੀ ਸ਼ੰਘਾਈ ਦਾ ਮੇਅਰ ਸਾਓ ਭੂ-ਚੀ ਅਤੇ ਸ਼ੰਘਾਈ ਪਾਰਟੀ ਕਮੇਟੀ ਦਾ ਪ੍ਰਥਮ ਸਕੱਤਰ ਮਾਓ ਵਿਚਾਰਧਾਰਾ 'ਤੇ ਚੱਲਣ ਵਾਲੇ ਖਰੇ ਇਨਕਲਾਬੀ ਹਨ ਜਾਂ ਸੋਧਵਾਦੀ ਅਤੇ ਉਲਟ ਇਨਕਲਾਬੀ? ਕੋਈ ਦਸ ਲੱਖ ਤੋਂ ਵੱਧ ਲੋਕ ਬਹਿਸ ਵਿੱਚ ਬੁਰੀ ਤਰ੍ਹਾਂ ਸਰਗਰਮ ਸਨ। ਬਹਿਸ ਵਿੱਚ ਉਲਝੀਆਂ ਵੱਡੀਆਂ ਵੱਡੀਆਂ ਭੀੜਾਂ ਸੜਕਾਂ 'ਤੇ ਜਮ੍ਹਾਂ ਹੋ ਕੇ ਆਵਾਜਾਈ ਠੱਪ ਕਰ ਦਿੰਦੀਆਂ। ਬੱਸਾਂ ਦੀਆਂ ਸਵਾਰੀਆਂ ਵਿਚਕਾਰ ਕਈ ਵਾਰ ਬਹਿਸ ਐਨੀ ਭਖ ਜਾਂਦੀ ਕਿ ਡਰਾਈਵਰ, ਕੰਡਕਟਰ ਵੀ ਬੱਸ ਰੋਕ ਕੇ ਬਹਿਸ ਵਿੱਚ ਗਲਤਾਨ ਹੋ ਜਾਂਦੇ। ਫੈਕਟਰੀਓਂ ਬਾਹਰ ਆਉਂਦਿਆਂ ਹੀ ਮਜ਼ਦੂਰ ਆਪਸ ਵਿੱਚ ਉਲਝ ਪੈਂਦੇ। ਗਲੀਆਂ ਮੁਹੱਲਿਆਂ ਵਿਚੋਂ ਬਹਿਸ ਪਰਿਵਾਰਾਂ ਵਿੱਚ ਜਾ ਵੜੀ। ਪਿਓ ਪੁੱਤਰ ਇੱਕ ਦੂਜੇ ਖਿਲਾਫ਼ ਮੋਰਚਾ ਮੱਲ ਲੈਂਦੇ। ਘੰਟਿਆਂ ਬੱਧੀ ਭਖ-ਭਖਾਈ ਤੋਂ ਬਾਅਦ ਪਤੀ ਪਤਨੀ ਆਪੋ ਵਿਚ ਦੀ ਮੂੰਹ ਮੋਟਾ ਕਰ ਲੈਂਦੇ ਅਤੇ ਕਿੰਨਾ ਕਿੰਨਾ ਚਿਰ ਇੱਕ ਦੂਜੇ ਨੂੰ ਨਾ ਬੁਲਾਉਂਦੇ। ਘੋਲ ਦੇ ਸਿਖਰ ਵਾਲੇ ਦੋ ਦਿਨ ਸਾਰਾ ਸ਼ਹਿਰ ਰਾਤ ਭਰ ਜਾਗਦਾ ਰਿਹਾ। ਹਫੜਾ ਦਫੜੀ ਮੱਚੀ ਹੋਈ ਸੀ, ਆਵਾਜਾਈ ਠੱਪ ਹੋ ਗਈ, ਬੰਦਰਗਾਹ ਆਰਜੀ ਤੌਰ 'ਤੇ ਬੰਦ ਹੋ ਗਈ ਅਤੇ ਬਿਜਲੀ ਬੁਝ ਗਈ। ਜ਼ਿਕਰਯੋਗ ਹੈ ਕਿ ਇਹ ਦ੍ਰਿਸ਼ ਸਭਿਆਚਾਰਕ ਇਨਕਲਾਬ ਦੇ ਕਿਸੇ ਵਿਰੋਧੀ ਵੱਲੋਂ ਨਹੀਂ ਸਗੋਂ ਉਸ ਦੇ ਪੱਖ ਵਿੱਚ ਖੜ੍ਹਨ ਵਾਲੇ ਰਸਾਲੇ ਵੱਲੋਂ ਪੇਸ਼ ਕੀਤਾ ਗਿਆ ਹੈ। ਇਸ ਤੋਂ ਹਾਲਾਤ ਦੀ ਗੰਭੀਰਤਾ (ਜਾਂ ਕਹਿ ਲਵੋ ਇਨਕਲਾਬੀ ਸਥਿਤੀ) ਦੀ ਝਲਕ ਦੇਖੀ ਜਾ ਸਕਦੀ ਹੈ। ਮਾਓ ਜ਼ੇ-ਤੁੰਗ /102