ਪੰਨਾ:ਮਾਓ ਜ਼ੇ-ਤੁੰਗ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਾਰੂ ਹਨ, ਅਜਿਹੀਆਂ ਸਥਿਤੀਆਂ ਵਿੱਚ ਦੇਖਿਆ ਗਿਆ ਹੈ ਕਿ ਇੱਕ ਭੀੜ ਦੀ ਮਾਨਸਿਕਤਾ ਹਾਵੀ ਹੋ ਜਾਂਦੀ ਹੈ ਅਤੇ ਸਿਆਣੀਆਂ ਅਵਾਜਾਂ ਦਬ ਜਾਂਦੀਆਂ ਹਨ। ਚਾਹੇ ਕਿੰਨਾ ਕਿਹਾ ਜਾਵੇ ਕਿ ਜਨਤਕ ਇਕੱਠਾਂ ਵਿੱਚ ਪਹਿਲਾਂ ਬਹਿਸ ਚਲਾਈ ਜਾਵੇ, ਫਿਰ ਫੈਸਲੇ ਲਏ ਜਾਣ ਪਰ ਅਮਲ ਵਿੱਚ ‘ਚੱਕ ਲੋ’ ‘ਚੱਕ ਲੋ’ ਕਰਨ ਵਾਲੇ ਹੋ ਜਾਂਦੇ ਹਨ। ਅਜਿਹੇ ਮੌਕਿਆਂ ’ਤੇ ਨਿੱਜੀ ਕਿੜਾਂ ਤਾਂ ਕੱਢੀਆਂ ਹੀ ਜਾਂਦੀਆਂ ਸਮਾਜਿਕ ਹਿਤਾਂ ਦੀ ਬਜਾਏ ਨਿੱਜੀ ਵਿਸ਼ਵਾਸ ਅਤੇ ਨਿੱਜੀ ਪਸੰਦਾਂ ਵੀ ਟਕਰਾਅ ਦਾ ਕਾਰਣ ਬਣ ਜਾਂਦੀਆਂ ਹਨ। ਜੇ ਮਾਰਕਸਵਾਦੀ ਵਿਚਾਰ ਪ੍ਰਣਾਲੀ ਅਨੁਸਾਰ ਵੀ ਕਹਿਣਾ ਹੋਵੇ ਤਾਂ ਅਨੁਸ਼ਾਸ਼ਨ ਅਤੇ ਜਨਤਕ ਪਹਿਲਕਦਮੀ, ਦੋਹਵਾਂ ਦਾ ਵਿਰੋਧ ਵਿਕਾਸੀ ਰਿਸ਼ਤਾ ਹੋਣਾ ਚਾਹੀਦਾ ਹੈ, ਪਰ ਇਥੇ ਤਾਂ ਸਿਰਫ ‘ਜਨਤਕ ਪਹਿਲਕਦਮੀ’ ਹੀ ਸੀ। ਚਾਹੇ ਸਭਿਆਚਾਰਕ ਇਨਕਲਾਬ ਸ਼ੁਰੂ ਕਰਨ ਵੇਲੇ ਕਿਹਾ ਗਿਆ ਸੀ ਕਿ ਵਿਚਾਰਧਾਰਕ ਵਿਰੋਧ ਹੱਲ ਕਰਨ ਲਈ ਹਥਿਆਰਾਂ ਦੀ ਬਜਾਏ ਦਲੀਲਾਂ ਦੀ ਵਰਤੋਂ ਕਰਨੀ ਹੈ ਪਰ ਜਿਹੋ ਜਿਹਾ ਮਾਹੌਲ ਬਣ ਗਿਆ ਸੀ ਉਸ ਵਿੱਚ ਭੀੜਾਂ ਹਿੰਸਕ ਹੋਣ ਲੱਗੀਆਂ। ਖਾਸ ਕਰ ਜਦ ਸਭਿਆਚਾਰਕ ਇਨਕਲਾਬ ਦਾ ਘੇਰਾ ਫੌਜ ਤੱਕ ਫੈਲਾ ਦਿੱਤਾ ਗਿਆ ਤਾਂ ਰੈੱਡ ਗਾਰਡਜ਼ ਨੇ ਫੌਜ ਦੇ ਹਥਿਆਰ ਵਰਤਣੇ ਸ਼ੁਰੂ ਕਰ ਦਿੱਤੇ। ਇੱਕ ਹੋਰ ਮਸਲਾ ਆਪਸ ਵਿੱਚ ਵਿਰੋਧੀ ਦੋਵੇਂ ਪੱਖਾਂ ਵੱਲੋਂ ਮਾਓ ਦਾ ਨਾਮ ਵਰਤਣ ਅਤੇ ਲਾਲ ਝੰਡੇ ਦਾ ਵਿਰੋਧ ਲਾਲ ਝੰਡੇ ਨਾਲ ਕਰਨ ਦਾ ਸੀ। ਜਿਸ ਤਰ੍ਹਾਂ ਸ਼ੰਘਾਈ ਵਿੱਚ ਸਭਿਆਚਾਰਕ ਇਨਕਲਾਬ ਦੇ ਸਮਰਥਕਾਂ ਨੇ ‘ ਸ਼ੰਘਾਈ ਮਜ਼ਦੂਰਾਂ ਦੇ ਇਨਕਲਾਬੀ ਬਾਗੀ’ ਜਥੇਬੰਦੀ ਕਾਇਮ ਕੀਤੀ ਤਾਂ ਇਸ ਦੇ ਮੁਕਾਬਲੇ ਲਿਊ ਸ਼ਾਓ ਚੀ ਦੇ ਪੱਖੀ ਮਜ਼ਦੂਰਾਂ ਨੇ ਜੋ ਜਥੇਬੰਦੀ ਖੜ੍ਹੀ ਕੀਤੀ, ਉਸ ਦਾ ਨਾਮ ਰੱਖਿਆ, ‘ਮਾਓ ਵਿਚਾਰਧਾਰਾ ਦੀ ਰਾਖੀ ਲਈ ਸ਼ੰਘਾਈ ਮਜ਼ਦੂਰਾਂ ਦੇ ਸੁਰਖ ਰਾਖੇ'। ਵਰਣਨਯੋਗ ਹੈ ਕਿ ਪਹਿਲੀ ਜਥੇਬੰਦੀ ਵਿੱਚ ਪੰਜ ਲੱਖ ਅਤੇ ਦੂਸਰੀ ਵਿੱਚ ਦਸ ਲੱਖ ਮਜ਼ਦੂਰ ਸ਼ਾਮਲ ਸਨ। ਇਸ ਤਰ੍ਹਾਂ ਲੋਕਾਂ ਵਿੱਚ ਭੰਬਲਭੂਸਾ ਵਧਣ ਲੱਗਾ ਕਿ ਕੌਣ ਠੀਕ ਹੈ ਅਤੇ ਕੌਣ ਗਲਤ? ਯਾਨੀ ਪੂਰੀ ਤਰ੍ਹਾਂ ਗੜਬੜ੍ਹਚੌਥ ਦੀ ਹਾਲਤ ਬਣ ਗਈ। ਭੀੜਾਂ ਦੇ ਹੱਥ ਵਿੱਚ ਹਥਿਆਰ ਆ ਜਾਣ ਨਾਲ ਚੀਨ ਵਿੱਚ ਘਰੇਲੂ ਜੰਗ ਵਰਗੀ ਹਾਲਤ ਬਣ ਗਈ। ਵੂਹਾਨ ਇਸ ਦੀ ਉਘੜਵੀਂ ਉਦਾਹਰਣ ਸੀ ਜਿੱਥੇ ਆਪਸੀ ਲੜਾਈ ਵਿੱਚ ਅਨੇਕਾਂ ਲੋਕ ਮਾਰੇ ਗਏ। ਅਸਲ ਵਿੱਚ ਪੂੰਜੀਪਤੀ ਮਾਰਗੀ ਜਾਂ ਸੋਧਵਾਦੀ ਕਹੇ ਜਾਣ ਵਾਲੇ ਲੋਕਾਂ ਖਿਲਾਫ਼ ਲੜੀ ਜਾਣ ਵਾਲੀ ਲੜਾਈ ਹੁਣ ਸੱਤਾ ਲਈ ਲੜਾਈ ਬਣ ਗਈ ਜਿਸ ਵਿੱਚ ਖੱਬੇ ਅਤਿਵਾਦੀ ਗਰੁੱਪ ਦਾ ਹੱਥ ਉੱਤੇ ਸੀ। ਇਸ ਧਿਰ ਦਾ ਆਗੂ ਲਿਨ ਪਿਆਓ ਸੀ ਜੋ ਫੌਜ ਦਾ ਮੁਖੀ ਸੀ ਅਤੇ ਮਾਓ ਦਾ ਜਾਨਸ਼ੀਨ ਮੰਨਿਆ ਜਾਂਦਾ ਸੀ। ਇਸ ਅਤਿ ਖੱਬੇ ਮਾਓ ਜ਼ੇ-ਤੁੰਗ /103