ਪੰਨਾ:ਮਾਓ ਜ਼ੇ-ਤੁੰਗ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਗੂ ਵੀ ਇਸੇ ਢੰਗ ਨਾਲ ਹੀ ਮਨੁੱਖ ਨੂੰ ਬਦਲਣ ਲਈ ਕਹਿੰਦੇ ਹਨ ਪਰ ਕੁਝ ਚੋਣਵੇਂ ਪੈਰੋਕਾਰਾਂ ਤੋਂ ਬਿਨਾਂ ਬਾਕੀ ਸਾਰੀ ਜਨਤਾ ਦੇ ਵਿਚਾਰ ਉਨ੍ਹਾਂ ਦੀਆਂ ਪਦਾਰਥਕ ਹਾਲਤਾਂ ਤੋਂ ਹੀ ਨਿਰਧਾਰਤ ਹੁੰਦੇ ਰਹੇ ਹਨ ਨਾ ਕਿ ਉਪਦੇਸ਼ਾਂ ਜਾਂ ਹੱਲਾਸ਼ੇਰੀਆਂ ਨਾਲ। ਇਹ ਕੁਝ ਲੋਕਾਂ ਦੇ ਵਿਚਾਰ ਵੀ ਥੋੜ੍ਹੇ ਸਮੇਂ ਲਈ ਹੀ ਬਦਲਦੇ ਹਨ ਉਸ ਤੋਂ ਬਾਅਦ ਜ਼ਿੰਦਗੀ ਫਿਰ ਉਸੇ ਰਾਹ ਪੈ ਜਾਂਦੀ ਹੈ। ਮਾਰਕਸਵਾਦ ਇਸ ਗੱਲ ਦੀ ਪ੍ਰੋੜਤਾ ਨਹੀਂ ਕਰਦਾ ਕਿ ਚੀਨ ਵਰਗੇ ਸਮਾਜ ਵਿੱਚ ਜਿੱਥੇ ਅਜੇ ਜੀਵਨ ਦੀਆਂ ਬੁਨਿਆਦੀ ਲੋੜਾਂ ਹੀ ਮਸਾਂ ਪੂਰੀਆਂ ਹੋਣ ਲੱਗੀਆਂ ਹੋਣ, ਉਸ ਸਮਾਜ ਦੇ ਲੋਕਾਂ ਦੀ ਮਾਨਸਿਕਤਾ, ਮਾਰਕਸਵਾਦੀ ਭਵਿੱਖ- ਨਕਸ਼ੇ ਮੁਤਾਬਿਕ, ਤਕਨੀਕੀ ਵਿਕਾਸ ਰਾਹੀਂ ਪਦਾਰਥਕ ਬਹੁਲਤਾ ਹਾਸਲ ਕਰ ਚੁੱਕੇ ਸਾਮਵਾਦੀ ਪੜਾਅ ਦੇ ਅਨੁਸਾਰੀ ਹੋ ਸਕਦੀ ਹੈ। ਫਿਰ ਵੀ ਜੇ ਵਿਗਿਆਨਕ ਢੰਗ ਨਾਲ ਸੋਚਿਆ ਜਾਵੇ ਤਾਂ ਕੋਈ ਵੀ ਸਿਧਾਂਤਕ ਫਾਰਮੂਲੇ, ਅਗੰਮੀ ਵਾਕ ਨਹੀਂ ਹੁੰਦੇ ਜਿਨ੍ਹਾਂ ਨੂੰ ਬਦਲਿਆ ਹੀ ਨਹੀਂ ਜਾ ਸਕਦਾ। ਇਸ ਪਹੁੰਚ ਅਨੁਸਾਰ ਸਿਧਾਂਤ ਨੂੰ ਅਮਲ ਵਿੱਚ ਵਾਰ ਵਾਰ ਪਰਖਿਆ ਜਾਣਾ ਹੁੰਦਾ ਹੈ, ਅਮਲ ਵਿੱਚ ਨਿਕਲੇ ਸਿੱਟਿਆਂ ਦੇ ਆਧਾਰ 'ਤੇ ਸਿਧਾਂਤ ਨੂੰ ਮੰਨਿਆ, ਸੋਧਿਆ ਜਾਂ ਬਦਲਿਆ ਜਾ ਸਕਦਾ ਹੈ। ਚੀਨੀ ਇਨਕਲਾਬ ਦਾ ਰਾਹ ਵੀ ਮਾਰਕਸਵਾਦ ਦੇ ਕਲਾਸੀਕਲ ਸਿਧਾਂਤ ਦੇ ਅਨੁਸਾਰ ਨਹੀਂ ਸੀ। ਸਿਧਾਂਤ ਅਨੁਸਾਰ ਤਾਂ ਸਰਮਾਏਦਾਰੀ ਸਮਾਜ ਦੇ ਇੱਕ ਖਾਸ ਹੱਦ ਤੱਕ ਵਿਕਸਿਤ ਹੋਣ ਬਾਅਦ ਹੀ ਸਮਾਜਵਾਦੀ ਇਨਕਲਾਬ ਆ ਸਕਦਾ ਹੈ। ਪਰ ਮਾਓ ਨੇ ਨਵ-ਜਮਹੂਰੀ ਇਨਕਲਾਬ ਦਾ ਸੰਕਲਪ ਦੇ ਕੇ ਅਰਧ ਜਗੀਰੂ ਸਮਾਜ ਵਿੱਚ ਵੀ ਇਨਕਲਾਬ ਨੂੰ ਸਫਲ ਕਰ ਦਿੱਤਾ। ਇਥੇ ਉਸ ਦਾ ਨਵਾਂ ਸਿਧਾਂਤ ਅਮਲ ਵਿੱਚ ਪਾਸ ਹੋਇਆ ਇਸ ਲਈ ਉਸ ਨੂੰ ਮਾਨਤਾ ਮਿਲੀ ਯਾਨੀ ਚੀਨੀ ਇਨਕਲਾਬ ਲਈ ਮਾਓ ਦਾ ਰਾਹ ਦਰੁਸਤ ਸਾਬਤ ਹੋਇਆ। ਪਰ ਸਭਿਆਚਾਰਕ ਇਨਕਲਾਬ ਦੇ ਪ੍ਰਸੰਗ ਵਿੱਚ ਮਾਓ ਦੇ ਵਿਚਾਰਾਂ ਦਾ ਮੁਲਅੰਕਣ ਕੀਤਾ ਜਾਵੇ ਤਾਂ ਸਪਸ਼ਟ ਹੁੰਦਾ ਹੈ ਕਿ ਇਥੇ ਉਸਾਰ ਦੇ ਪ੍ਰਭਾਵ ਰਾਹੀਂ ਆਧਾਰ, ਭਾਵ ਪਦਾਰਥਕ ਹਾਲਤਾਂ, ਨੂੰ ਬਦਲ ਦੇਣ ਵਾਲਾ ਸਿਧਾਂਤ ਚਿਤਵੇ ਸਿੱਟੇ ਨਾ ਕੱਢ ਸਕਿਆ ਸਗੋਂ ਇਸ ਨਾਲ ਪੈਦਾਵਾਰੀ ਸਾਧਨਾਂ ਉੱਤੇ ਮਾੜਾ ਅਸਰ ਹੀ ਪਿਆ। ਨਾ ਹੀ ਸਭਿਆਚਾਰਕ ਇਨਕਲਾਬ ਰਾਹੀਂ ਮਨੁੱਖੀ ਸਮਾਜ ਨੂੰ ਬਦਲਣ ਅਤੇ ਨਵਾਂ ਮਨੁੱਖ ਸਿਰਜਣ ਦੀ ਕੋਸ਼ਿਸ਼ ਦੇ ਕੋਈ ਸਾਰਥਿਕ ਨਤੀਜੇ ਨਿਕਲ ਸਕੇ। ਸਭਿਆਚਾਰਕ ਇਨਕਲਾਬ ਦੇ ਤਿੰਨ ਸਾਲਾਂ ਬਾਅਦ ਹੀ ਇਸ ਨੂੰ ਰੋਕਣਾ ਪਿਆ ਅਤੇ ਫਿਰ ਸਿਰਫ ਇੱਕ ਦਹਾਕੇ ਬਾਅਦ ਚੀਨ ਇਸ ਤੋਂ ਬਿਲਕੁਲ ਉਲਟ ਦਿਸ਼ਾ ਵੱਲ ਚੱਲ ਪਿਆ, ਯਾਨੀ ਸਰਮਾਏਦਾਰੀ ਦੀ ਬਹਾਲੀ ਵੱਲ। ‘ਬੁਰਜੂਆ ਹੈੱਡਕੁਆਰਟਰ’ ਵੀ ਮੁੜ ਮਾਓ ਜ਼ੇ-ਤੁੰਗ /111