ਪੰਨਾ:ਮਾਓ ਜ਼ੇ-ਤੁੰਗ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਿਆ ਸੀ, ਖਾਸ ਕਰ ਮਾਰਸ਼ਲ ਆਰਟ ਵਾਲੀਆਂ ਫਿਲਮਾਂ ਉਨ੍ਹਾਂ ਨੂੰ ਪਸੰਦ ਸਨ (ਮਾ ਦੀ ਸਿਹਤ ਸਬੰਧੀ ਇਹ ਵੇਰਵੇ ਰੇਬੇਕਾ ਈ. ਕਾਰਲ ਦੀ ਪੁਸਤਕ ‘ਮਾਓ ਜ਼ੇ-ਤੁੰਗ ਐਂਡ ਚਾਈਨਾ' ਵਿੱਚ ਦਿੱਤੇ ਗਏ ਹਨ) ਉਕਤ ਲੇਖਕਾ ਇਹ ਵੀ ਲਿਖਦੀ ਹੈ ਸਿਹਤ ਵਿਗੜਣ ਕਾਰਣ ਚਾਹੇ ਸਰੀਰ ਸਾਥ ਨਹੀਂ ਦੇ ਰਿਹਾ ਸੀ ਪਰ ਮਾਨਸਿਕ ਤੌਰ 'ਤੇ ਮਾਓ ਪੂਰੀ ਤਰ੍ਹਾਂ ਚੇਤਨ ਸੀ ਅਤੇ ਵਿਚਾਰਾਂ ਪੱਖੋਂ ਪਹਿਲਾਂ ਵਾਲੀ ਹੀ ਸਪਸ਼ਟਤਾ ਬਰਕਰਾਰ ਸੀ। ਇਸ ਕਰਕੇ ਉਹ ਪਾਰਟੀ ਮੀਟਿੰਗਾਂ ਵਿੱਚ ਉਸੇ ਤਰ੍ਹਾਂ ਸ਼ਾਮਲ ਹੁੰਦਾ ਰਿਹਾ ਅਤੇ ਵਿਦੇਸ਼ੀ ਨੁਮਾਇੰਦਿਆਂ ਨੂੰ ਮਿਲਦਾ ਰਿਹਾ। ਮਾਓ ਦੀ ਕਿਸੇ ਵਿਦੇਸ਼ ਮੁਖੀ ਨਾਲ ਸਭ ਤੋਂ ਆਖਰੀ ਮੁਲਾਕਾਤ 27 ਮਈ 1976 ਨੂੰ ਪਾਕਿਸਤਾਨ ਦੇ ਜ਼ੁਲਫ਼ਕਾਰ ਅਲੀ ਭੁੱਟੋ ਨਾਲ ਹੋਈ ਮੰਨੀ ਜਾਂਦੀ ਹੈ, ਜੋ ਜਾਤੀ ਤੌਰ 'ਤੇ ਮਾਓ ਦਾ ਵੱਡਾ ਪ੍ਰਸੰਸਕ ਸੀ। 1976 ਦਾ ਸਾਲ, ਚੀਨੀ ਰਾਜਨੀਤੀ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਆਗੂਆਂ ਦੇ ਸੰਸਾਰ ਵਿਚੋਂ ਚਲੇ ਜਾਣ ਦਾ ਸਾਲ ਸੀ। ਜਨਵਰੀ ਵਿੱਚ ਚਾਓ ਐਨ ਲਾਈ ਦਾ ਦਿਹਾਂਤ ਹੋ ਗਿਆ। ਚਾਓ ਐਨ-ਲਾਈ ਵਿੱਚ ਸਮਾਜਵਾਦੀ ਆਦਰਸ਼ਾਂ ਨੂੰ ਵਾਸਤਵਿਕ ਸਥਿਤੀਆਂ ਨਾਲ ਮੇਲ ਕੇ ਰੱਖਣ ਦੀ ਅਨੂਠੀ ਪ੍ਰਤਿਭਾ ਸੀ। ਜਦ ਪਾਰਟੀ ਇਨਕਲਾਬੀ ਜੋਸ਼ ਵਿੱਚ ਸਰਕਾਰ ਦੇ ਸਿਸਟਮ ਅਤੇ ਆਰਥਿਕਤਾ ਨੂੰ ਹਿਲਾ ਦਿੰਦੀ ਤਾਂ ਇਹ ਚਾਓ ਐਨ-ਲਾਈ ਹੀ ਹੁੰਦਾ ਸੀ ਜੋ ਉਸਨੂੰ ਮੁੜ ਲੀਹ 'ਤੇ ਲੈ ਕੇ ਆਉਂਦਾ। ਜੁਲਾਈ 1976 ਵਿੱਚ ਮਾਓ ਦੇ ਇਨਕਲਾਬੀ ਜੰਗ ਵਿੱਚ ਸਭ ਤੋਂ ਨੇੜਲੇ ਜੋੜੀਦਾਰ ਅਤੇ ਲਾਲ ਫੌਜ ਦੇ ਸੰਸਥਾਪਕ ਮਾਰਸ਼ਲ ਜ਼ੂ ਤੇਹ ਦਾ ਵੀ ਦਿਹਾਂਤ ਹੋ ਗਿਆ। ਇਸੇ ਸਾਲ ਅਪ੍ਰੈਲ ਵਿੱਚ ਚੀਨੀ ਕਮਿਊਨਿਸਟ ਪਾਰਟੀ ਦੇ ਸਭ ਤੋਂ ਵੱਡੇ ਵਿਰੋਧੀ ਰਹੇ ਚਿਆਂਗ ਕਾਈ ਸ਼ੋਕ ਦਾ ਵੀ ਤਾਇਵਾਨ ਵਿੱਚ ਅੰਤ ਹੋ ਗਿਆ ਸੀ। . ਅਤੇ ਇਸੇ 1976 ਦੇ 9 ਸਤੰਬਰ ਦੀ ਸ਼ਾਮ ਨੂੰ ਚੀਨ ਦੇ ਰੇਡੀਓ ਨੇ ਖ਼ਬਰ ਨਸ਼ਰ ਕੀਤੀ – ‘ਚੇਅਰਮੈਨ ਮਾਓ ਦੁਨੀਆ ਤੋਂ ਵਿਛੜ ਗਏ ਹਨ’। ਇਹ ਸੱਤ ਸ਼ਬਦ ਇੱਕ ਇਨਸਾਨ ਦੀ ਮੌਤ ਤੋਂ ਬਹੁਤ ਵੱਡੀ ਸੂਚਨਾ ਦੇ ਰਹੇ ਸਨ ਕਿ ਇੱਕ ਯੁੱਗ ਦਾ ਅੰਤ ਹੋ ਗਿਆ ਹੈ, ਜਿਸ ਦਾ ਅਸਰ, ਆਉਣ ਵਾਲੇ ਸਾਲਾਂ ਵਿੱਚ, ਨਾ ਸਿਰਫ ਚੀਨ ਵਿੱਚ ਬਲਕਿ ਸਾਰੀ ਦੁਨੀਆਂ ਵਿੱਚ ਮਹਿਸੂਸ ਕੀਤਾ ਜਾਣਾ ਸੀ। ਨਾ ਮਾਓ ਜ਼ੇ-ਤੁੰਗ /116