ਪੰਨਾ:ਮਾਓ ਜ਼ੇ-ਤੁੰਗ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਧਰ ਸਕਦਾ। ਇਥੋਂ ਤੱਕ ਇਤਿਹਾਸ ਨੇ ਉਸ ਨੂੰ ਸਹੀ ਸਿੱਧ ਕੀਤਾ ਅਤੇ ਉਸ ਦੀ ਆਲੋਚਨਾ ਕਰਨ ਵਾਲਿਆਂ ਨੂੰ ਗਲਤ।

ਪਰ ਇਸ ਤੋਂ ਬਾਅਦ ਸਮਾਜਵਾਦ ਦੀ ਉਸਾਰੀ ਬਾਰੇ, ਸਮਾਜਵਾਦੀ ਮਨੁੱਖ ਦੀ ਸਿਰਜਣਾ ਬਾਰੇ ਉਸ ਦੀ ਪਹੁੰਚ ਵਾਦ ਵਿਵਾਦ ਪੂਰਨ ਰਹੀ ਹੈ। ਇਸ ਬਾਰੇ ਉਸ ਦੀ ਸ਼ਰਧਾਮਈ ਪ੍ਰਸੰਸਾ ਵੀ ਹੋਈ ਹੈ ਅਤੇ ਤਿੱਖੀ ਆਲੋਚਨਾ ਵੀ। ਇਹ ਵਿਵਾਦ ਚੀਨ ਦੇ ਅੰਦਰ ਵੀ ਚਲਦਾ ਰਿਹਾ ਹੈ ਅਤੇ ਚੀਨ ਤੋਂ ਬਾਹਰ ਦੇ ਮਾਰਕਸਵਾਦੀ ਵਿਚਾਰਕਾਂ ਵਿੱਚ ਵੀ। ਮਾਓ ਦੇ ਹਮਾਇਤੀਆਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਮਾਓ ਨੇ ਸਮਾਜਵਾਦੀ ਦੌਰ ਵਿੱਚ ਵੱਖ ਵੱਖ ਜਮਾਤਾਂ ਦੀ ਹੋਂਦ ਅਤੇ ਜਮਾਤੀ ਸੰਘਰਸ਼ ਦੀ ਨਿਸ਼ਾਨਦੇਹੀ ਕਰ ਕੇ ਮਾਰਕਸਵਾਦ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ। ਜਦ ਕਿ ਵਿਰੋਧੀਆਂ ਅਨੁਸਾਰ ਉਸ ਵਿੱਚ ਵਿਚਾਰਧਾਰਕ ਸਨਕੀਪੁਣਾ ਸੀ ਜਿਸ ਤਹਿਤ ਉਹ ਅਸਲ ਹਾਲਤਾਂ ਨੂੰ ਨਜ਼ਰਅੰਦਾਜ ਕਰ ਦਿੰਦਾ ਸੀ; ਪੈਦਾਵਾਰੀ ਸਾਧਨਾਂ ਦਾ ਵਿਕਾਸ, ਜੋ ਕਿ ਬੁਨਿਆਦੀ ਚੀਜ ਹੈ, ਉਸ ਨੂੰ ਛੱਡ ਕੇ ਪੈਦਾਵਾਰੀ ਸਬੰਧਾਂ ਉੱਤੇ ਵੱਧ ਜੋਰ ਦੇਣਾ ਮਾਰਕਸਵਾਦੀ ਫਲਸਫ਼ੇ ਨੂੰ ਉਲਟਾ ਕਰ ਕੇ ਦੇਖਣਾ ਹੈ; ਇਹ ਪਦਾਰਥਵਾਦ ਦੀ ਬਜਾਏ ਅਧਿਆਤਮਵਾਦੀ ਪਹੁੰਚ ਹੈ, ਅਗਾਂਹ ਵੱਲ ਲੰਮੀ ਛਾਲ ਅਤੇ ਸਭਿਆਚਾਰਕ ਇਨਕਲਾਬ ਵਰਗੀਆਂ ਮੁਹਿੰਮਾਂ ਚਲਾ ਕੇ ਉਸ ਨੇ ਚੀਨੀ ਆਰਥਿਕਤਾ ਦਾ ਬਹੁਤ ਨੁਕਸਾਨ ਕੀਤਾ ; ਉਸ ਨੇ ਕਮਿਊਨਿਸਟ ਕੈਂਪ ਵਿੱਚ ਫੁੱਟ ਪਾਈ ਆਦਿ ਆਦਿ।

ਇਸ ਜੀਵਨੀ ਵਿੱਚ ਇਨ੍ਹਾਂ ਸਾਰੇ ਪੱਖਾਂ ਨੂੰ ਪੇਸ਼ ਕੀਤਾ ਗਿਆ ਹੈ। ਸੋ ਮਾਓ ਦੇ ਹੱਕ ਜਾਂ ਵਿਰੋਧ ਵਿੱਚ ਤਿੱਖੀਆਂ ਭਾਵਨਾਵਾਂ ਰੱਖਣ ਵਾਲੇ ਪਾਠਕਾਂ ਦੇ ਇਸ ਜੀਵਨੀ ਬਾਰੇ ਕੁਝ ਕਿੰਤੂ ਹੋ ਸਕਦੇ ਹਨ। ਫਿਰ ਵੀ ਮੈਨੂੰ ਆਸ ਹੈ ਕਿ ਜੋ ਵੀ ਪਾਠਕ ਇਸ ਨੂੰ ਖੁੱਲ੍ਹੇ ਮਨ ਨਾਲ ਪੜ੍ਹਨਗੇ ਉਨ੍ਹਾਂ ਦੀ ਮਾਓ ਪ੍ਰਤੀ ਕਿੰਤੂ ਰਹਿਤ ਸ਼ਰਧਾ ਅਤੇ ਅੰਨ੍ਹੀ ਵਿਰੋਧਤਾ ਦੋਹਵਾਂ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਕੁਝ ਮੋੜ ਜਰੂਰ ਪਵੇਗਾ।

-0-

ਮਾਓ ਬਾਰੇ ਚੀਨ ਦੇ ਮੌਜੂਦਾ ਮੁੱਖ ਆਗੂ ਸ਼ੀ ਜਿੰਨਪਿੰਗ ਨੇ 2013 ਵਿੱਚ ਕਿਹਾ ਸੀ, “ਇਨਕਲਾਬੀ ਆਗੂ ਦੇਵਤੇ ਨਹੀਂ ਹੁੰਦੇ, ਉਹ ਮਨੁੱਖ ਹੀ ਹੁੰਦੇ ਹਨ। ਅਸੀਂ ਉਨ੍ਹਾਂ ਦੀ ਦੇਵਤਿਆਂ ਵਾਂਗ ਪੂਜਾ ਨਹੀਂ ਕਰ ਸਕਦੇ ਜਾਂ ਉਨ੍ਹਾਂ ਦੀ ਮਹਾਨਤਾ ਦਾ ਵਾਸਤਾ ਦੇ ਕੇ ਲੋਕਾਂ ਨੂੰ ਉਨ੍ਹਾਂ ਦੀਆਂ ਗਲਤੀਆਂ ਉੱਤੇ ਉਂਗਲ ਧਰਨ ਤੋਂ ਰੋਕ ਨਹੀਂ ਸਕਦੇ ਹਾਂ ; ਨਾ ਹੀ ਸਿਰਫ ਇਸ ਕਰਕੇ ਕਿ ਉਨ੍ਹਾਂ ਨੇ ਕੁਝ ਗਲਤੀਆਂ ਕੀਤੀਆਂ ਸਨ, ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਕੇ ਉਨ੍ਹਾਂ ਦੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਮਿਟਾ ਸਕਦੇ ਹਾਂ।”

ਸ਼ੀ ਜਿਨਪਿੰਗ ਦੀ ਰਾਜਨੀਤਕ ਅਤੇ ਵਿਚਾਰਧਾਰਕ ਲੀਹ ਪ੍ਰਤੀ ਕਿਸੇ ਦੇ ਕਿੰਨੇ ਵੀ ਮੱਤਭੇਦ ਕਿਉਂ ਨਾ ਹੋਣ ਉਸ ਦੀ ਉਪਰੋਕਤ ਗੱਲ ਨਾਲ ਸਹਿਮਤ ਹੋਣਾ ਹੀ ਬਣਦਾ ਹੈ।