ਪੰਨਾ:ਮਾਓ ਜ਼ੇ-ਤੁੰਗ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਨੇ ਸੱਦਾ ਦਿੱਤਾ ਕਿ ਚੀਨੀ ਲੋਕ ਆਪਣੇ ਘਰਾਂ ਦੇ ਪਿਛਵਾੜੇ ਭੱਠੀਆਂ ਬਣਾ ਕੇ ਉਨ੍ਹਾਂ ਵਿੱਚ ਸਟੀਲ ਬਨਾਉਣਗੇ। ਇਥੇ ਮਾਓ ਬੁਰੀ ਤਰ੍ਹਾਂ ਫੇਲ੍ਹ ਹੋਇਆ। ਇਨ੍ਹਾਂ ਘਰੇਲੂ ਭੱਠੀਆਂ ਵਿੱਚ ਬਣਿਆ ਸਟੀਲ ਕਿਸੇ ਵੀ ਕੰਮ ਦਾ ਨਹੀਂ ਸੀ ਜਦ ਕਿ ਭੱਠੀਆਂ ਵਿੱਚ ਬਾਲਣ ਅਤੇ ਮਨੁੱਖਾਂ ਦੀ ਅਥਾਹ ਸਮਾਂ ਸ਼ਕਤੀ ਨਸ਼ਟ ਹੋਈ। ਲੋਕਾਂ ਨੇ ਸਟੀਲ ਪੈਦਾਵਾਰ ਦਿਖਾਉਣ ਲਈ ਖੇਤੀ ਦੇ ਸੰਦ ਅਤੇ ਲੋਹੇ ਦੀਆਂ ਹੋਰ ਘਰੇਲੂ ਚੀਜਾਂ ਵੀ ਭੱਠੀਆਂ ਵਿੱਚ ਪਿਘਲਾ ਕੇ ਖਤਮ ਕਰ ਦਿੱਤੀਆਂ। ਦੂਸਰਾ ਕਮਿਊਨਾਂ ਨੂੰ ਸਵੈ-ਨਿਰਭਰ ਕਰਨ ਦੇ ਚੱਕਰ ਵਿੱਚ ਉਹ ਵਸਤਾਂ ਵੀ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਲਈ ਉਥੇ ਹਾਲਤਾਂ ਅਨੁਕੂਲ ਨਹੀਂ ਸਨ। ਜਨਤਾ ਵੱਡੀ ਗਿਣਤੀ ਵਿੱਚ ਇਨ੍ਹਾਂ ਕੰਮਾਂ ਵਿੱਚ ਰੁਝ ਗਈ ਜਿਸ ਕਰਕੇ ਫਸਲ ਸਾਂਭਣ ਦਾ ਬਹੁਤ ਨੁਕਸਾਨ ਹੋਇਆ। 1958 ਵਿੱਚ ਫਸਲ ਭਰਪੂਰ ਹੋਈ ਸੀ ਪਰ ਗੈਰਯੋਜਨਾਬੰਦੀ ਕਰਕੇ ਉਸ ਨੂੰ ਕੱਟਣ ਅਤੇ ਸਾਂਭਣ ਵੱਲ ਪੂਰਾ ਧਿਆਨ ਨਾ ਦਿੱਤਾ ਜਾ ਸਕਿਆ ਸਿੱਟੇ ਵਜੋਂ ਬਹੁਤ ਸਾਰੀ ਫਸਲ ਖੇਤਾਂ ਵਿੱਚ ਹੀ ਬਰਬਾਦ ਹੋ ਗਈ। ਮਾਹਿਰਾਂ ਅਤੇ ਯੋਜਨਾਕਾਰਾਂ ਨੂੰ ਰੱਦ ਕਰ ਕੇ ਸਭ ਕੁਝ ਲੋਕਾਂ ਉੱਤੇ ਛੱਡ ਦੇਣ ਨਾਲ ਆਪ ਮੁਹਾਰਤਾ ਪੈਦਾ ਹੋ ਗਈ ਅਤੇ ਸਾਲ ਕੁ ਦੇ ਜੋਸ਼ ਬਾਅਦ ਇਸ ਦੇ ਮਾੜੇ ਸਿੱਟੇ ਸਾਹਮਣੇ ਆਉਣ ਲੱਗ ਪਏ। ਇਹ ਨਹੀਂ ਕਿ ਸਮੱਸਿਆਵਾਂ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਜਿਸ ਤਰ੍ਹਾਂ ਮਸ਼ੀਨੀਕਰਨ ਤੋਂ ਬਗੈਰ ਮਨੁੱਖੀ ਸ਼ਕਤੀ ਨਾਲ ਹੀ ਵੱਡੀ ਪੱਧਰ ’ਤੇ ਖੇਤੀ ਅਤੇ ਸਨਅਤੀ ਪੈਦਾਵਾਰ ਕਰਨ ਦੀ ਮੁਹਿੰਮ ਨਾਲ ਔਰਤਾਂ ਨੂੰ ਵੀ ਵੱਡੀ ਪੱਧਰ 'ਤੇ ਪੈਦਾਵਾਰੀ ਕੰਮ ਵਿੱਚ ਖਿੱਚਣ ਦੀ ਲੋੜ ਪਈ ਅਤੇ ਉਹ ਹਰ ਤਰ੍ਹਾਂ ਦੇ ਕੰਮ ਕਰਨ ਲੱਗੀਆਂ। ਇਨ੍ਹਾਂ ਔਰਤਾਂ ਨੂੰ ‘ਲੋਹ-ਔਰਤਾਂ’ ਕਹਿ ਕੇ ਵਡਿਆਇਆ ਗਿਆ। ਪਰ ਜਿਵੇਂ ਕਿ ਅਕਸਰ ਹੁੰਦਾ ਹੈ ਇਸ ਨਾਲ ਉਨ੍ਹਾਂ ਉੱਤੇ ਦੂਹਰਾ ਬੋਝ ਪੈ ਗਿਆ, ਪੈਦਾਵਾਰੀ ਕੰਮ ਦੇ ਨਾਲ ਨਾਲ ਉਨ੍ਹਾਂ ਨੂੰ ਖਾਣਾ ਬਨਾਉਣਾ, ਘਰ ਸੰਭਾਲਣਾ ਅਤੇ ਬੱਚਿਆਂ ਦੀ ਸਾਂਭ ਸੰਭਾਲ ਵੀ ਕਰਨੀ ਪੈਂਦੀ ਸੀ। ਇਸ ਦੂਹਰੇ ਬੋਝ ਖਿਲਾਫ਼ ਡਿੰਗ ਲਿੰਗ ਨਾਂ ਦੀ ਔਰਤ ਕਾਰਜਕਰਤਾ ਨੇ ਜੋਰਦਾਰ ਆਵਾਜ ਉਠਾਈ। ਇਸ ਮਸਲੇ ਦੇ ਹੱਲ ਲਈ ਸਾਂਝੀਆਂ ਰਸੋਈਆਂ ਬਣਾਈਆਂ ਗਈਆਂ ਜਿੱਥੇ ਸਾਰੇ ਭੋਜਨ ਖਾ ਸਕਣ ਪਰ ਇਹ ਕਿਸਾਨਾਂ ਵਿੱਚ ਪ੍ਰਚਲਿਤ ਨਾ ਹੋਈਆਂ। ਕਿਉਂਕਿ ਭੋਜਨ ਦੀ ਕੁਆਲਿਟੀ ਮਾੜੀ ਹੁੰਦੀ ਸੀ ਅਤੇ ਲੋਕਾਂ ਨੂੰ ਇਹ ਖਾਣਾ ਖਾਣ ਲਈ ਬਹੁਤ ਦੂਰ ਆਉਣਾ ਪੈਂਦਾ ਸੀ। ਕੁੱਲ ਮਿਲਾ ਕੇ ਸਾਲ ਕੁ ਬਾਅਦ ਹੀ ਇਸ ਗੈਰਯੋਜਨਾਬੰਦੀ ਅਤੇ ਸਮੇਂ ਤੋਂ ਅੱਗੇ ਲੰਘਣ ਦੀ ਅੰਤਰਮੁਖੀ ਕੋਸ਼ਿਸ਼ ਦੇ ਮਾੜੇ ਨਤੀਜੇ ਸਾਹਮਣੇ ਆਉਣ ਲੱਗ ਪਏ। ਫਸਲ ਦਾ ਵੱਡਾ ਹਿੱਸਾ ਸੰਭਾਲਣ ਖੁਣੋਂ ਹੀ ਬਰਬਾਦ ਹੋ ਗਿਆ, ਜਦ ਕਿ ਕਿਸਾਨ ਮਾਓ ਜ਼ੇ-ਤੁੰਗ /91