ਪੰਨਾ:ਮਾਓ ਜ਼ੇ-ਤੁੰਗ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਓ ਦੇ ਪਾਸੇ ਹਟਦਿਆਂ ਹੀ ਲਿਉ ਸ਼ਾਓ ਚੀ ਅਤੇ ਗੈਂਗ ਜ਼ਿਆਓ ਪਿੰਗਾ ਦੀ ਅਗਵਾਈ ਵਿੱਚ ਚੀਨੀ ਕਮਿਊਨਿਸਟ ਪਾਰਟੀ ਨੇ ਸਥਿਤੀ ਨੂੰ ਸੰਭਾਲਣ ਲਈ ਤੁਰੰਤ ਨਵੀਆਂ ਨੀਤੀਆਂ ਲਾਗੂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੇਂਦਰੀ ਯੋਜਨਾਬੰਦੀ ਅਤੇ ਸਖਤ ਰਾਸ਼ਨਿੰਗ ਪ੍ਰਣਾਲੀ ਲਾਗੂ ਕੀਤੀ ਗਈ। ਪੇਂਡੂ ਖੇਤਰ ਵਿੱਚ ਚੱਲ ਰਹੇ ਅਤਿ ਖੱਬੇਪਣ ਨੂੰ ਮੋੜਾ ਦੇਣ ਲਈ ਸ਼ਹਿਰੀ ਵਿਚੋਂ ਪਾਰਟੀ ਨਾਲ ਸਬੰਧਿਤ ਮਾਹਿਰ, ਵਿਦਿਆਰਥੀ ਅਤੇ ਫੌਜੀ ਭੇਜੇ ਗਏ ਜਿਨ੍ਹਾਂ ਨੇ ਉਥੇ ਫੈਲੀ ਅਰਾਜਕਤਾ ਨੂੰ ਮੋੜਾ ਦੇਣਾ ਸੀ। ਕਮਿਊਨ ਖਤਮ ਨਹੀਂ ਕੀਤੇ ਗਏ ਪਰ ਉਨ੍ਹਾਂ ਦਾ ਆਕਾਰ ਛੋਟਾ ਕੀਤਾ ਗਿਆ ਅਤੇ ਕਾਰਜ ਘਟਾਏ ਗਏ ਤਾਂ ਜੋ ਉਨ੍ਹਾਂ ਦਾ ਸੰਚਾਲਣ ਸੁਚਾਰੂ ਢੰਗ ਨਾਲ ਹੋ ਸਕੇ। ਇਸ ਲਹਿਰ ਦੌਰਾਨ ਖਤਮ ਕੀਤੇ ਗਏ ਪਰਿਵਾਰਾਂ ਦੇ ਨਿੱਜੀ ਜ਼ਮੀਨੀ ਟੁਕੜੇ ਉਨ੍ਹਾਂ ਨੂੰ ਵਾਪਸ ਕੀਤੇ ਗਏ, ਮੰਡੀਆਂ ਨੂੰ ਬਹਾਲ ਕਰ ਕੇ ਪ੍ਰਾਈਵੇਟ ਪੈਦਾਵਾਰ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਨਾਲ ਇੱਕ ਵਾਰ ਫਿਰ ਅਮੀਰੀ ਗਰੀਬੀ ਦਾ ਪਾੜਾ ਪੈਣ ਲੱਗਾ ਪਰ ਫੌਰੀ ਮਸਲਾ ਸਭ ਲਈ ਭੋਜਨ ਪੈਦਾ ਕਰਨ ਦਾ ਸੀ ਜਿਸ ਵਿੱਚ ਸਫਲਤਾ ਮਿਲ ਰਹੀ ਸੀ। ਮਾਓ ਨੇ ਇਸ ਨੂੰ ਪੂੰਜੀਵਾਦ ਦੀ ਬਹਾਲੀ ਕਿਹਾ ਪਰ ਉਸ ਵਕਤ ਪਾਰਟੀ ਨੂੰ ਇਹੀ ਨੀਤੀ ਲਾਗੂ ਕਰਨ ਦੀ ਲੋੜ ਮਹਿਸੂਸ ਹੋ ਰਹੀ ਸੀ। ਖੁਰਾਕ ਦੀ ਕਮੀ ਨੂੰ ਨਜਿੱਠਣ ਤੋਂ ਬਾਅਦ ਸਨਅਤੀ ਪੈਦਾਵਾਰ ਵਧਾਉਣ ਵੱਲ ਮੁੜਿਆ ਗਿਆ। ਫੈਕਟਰੀਆਂ ਵਿੱਚ ਅਨੁਸਾਸ਼ਨ ਬਹਾਲ ਕੀਤਾ ਗਿਆ, ਪ੍ਰਬੰਧ ਲਈ ਜਮਹੂਰੀ ਤਜਰਬੇ ਛੱਡ ਕੇ ਦੁਬਾਰਾ ਮੈਨੇਜਰ ਲਾਏ ਗਏ। ਇਸ ਦੇ ਨਾਲ ਹੀ ਹੋਰ ਅਹੁਦੇਦਾਰੀਆਂ ਬਹਾਲ ਕੀਤੀਆਂ ਗਈਆਂ। ਸ਼ਹਿਰੀ ਆਰਥਿਕਤਾ ਨੂੰ ਪਹਿਲ ਦਿੱਤੀ ਗਈ ਖੇਤੀ ਵਸਤਾਂ ਦੀਆਂ ਕੀਮਤਾਂ ਘੱਟ ਰੱਖੀਆਂ ਗਈਆਂ ਯਾਨੀ ਕਿ ਸਨਅਤੀਕਰਨ ਵਾਸਤੇ ਖੇਤੀ ਸੈਕਟਰ ਨੂੰ ਨਿਚੋੜਣ ਦਾ ਰਾਹ ਚੁਣਿਆ ਗਿਆ। ਸ਼ਹਿਰੀ ਮੈਨੇਜਰ ਅਤੇ ਟੈਕਨੋਕ੍ਰੇਟ ਵਰਗ ਮਹੱਤਤਾ ਹਾਸਲ ਕਰ ਗਿਆ। ਬੁੱਧੀਜੀਵੀਆਂ ਦੀ ਮਾਨਤਾ ਬਹਾਲ ਕੀਤੀ ਗਈ। ਚਾਹੇ ਇਸ ਨਾਲ ਆਰਥਿਕਤਾ ਵਿੱਚ ਸੁਧਾਰ ਹੋ ਗਿਆ ਪਰ ਵੱਖ ਵੱਖ ਵਰਗਾਂ ਅਤੇ ਵਿਅਕਤੀਆਂ ਵਿਚਕਾਰ ਵਖਰੇਵੇਂ ਵਧਣ ਲੱਗੇ। ਧਨ ਦੌਲਤ ਵਿੱਚ ਫਰਕ ਨਾ ਹੋਣ ਦੇ ਬਾਵਜੂਦ ਵਿਅਕਤੀਆਂ ਦੀ ਤਾਕਤ ਅਤੇ ਮਹੱਤਤਾ ਵਿੱਚ ਅੰਤਰ ਪੈਦਾ ਹੋ ਗਏ। ਮਾਓ ਚਾਹੇ ਸਰਕਾਰੀ ਸੱਤਾ ਦੇ ਕੇਂਦਰ ਤੋਂ ਪਾਸੇ ਸੀ ਪਰ ਉਹ ਇਸ ਨੂੰ ਚੁੱਪਚਾਪ ਨਹੀਂ ਦੇਖ ਰਿਹਾ ਸੀ। ਉਸ ਨੇ ਪਾਰਟੀ ਵਿੱਚ ਪੈਦਾ ਹੋ ਰਹੇ ‘ਸੋਧਵਾਦ' ਅਤੇ ‘ਨਵੇਂ ਸਰਮਾਏਦਾਰੀ ਤੱਤਾਂ’ ਦਾ ਵਿਰੋਧ ਕਰਦੇ ਹੋਏ ਇਨ੍ਹਾਂ ਦੀ ਨਿਸ਼ਾਨਦੇਹੀ ਕੀਤੀ। ਸੀ ਮਾਓ ਜ਼ੇ-ਤੁੰਗ /94 -0-