ਪੰਨਾ:ਮਾਣਕ ਪਰਬਤ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਫੜ ਲਿਆ ਤੇ ਉਹਦੀ ਬੋਟੀ-ਬੋਟੀ ਕਰ ਛੱਡੀ। ਖ਼ਰਗੋਸ਼ ਦੇ ਢਿਡ ਵਿਚੋਂ ਇਕ ਮੁਰਗ਼ਾਬੀ ਉਡ ਨਿਕਲੀ ਤੇ ਉਹ ਉਡਦੀ-ਉਡਦੀ ਤੋੜ ਅਸਮਾਨ ਤਕ ਜਾ ਪੁੱਜੀ। ਪਰ ਇਕੋ ਪਲ ਵਿਚ ਹੀ ਇਕ ਹੋਰ ਮੁਰਗਾਬੀ ਉਹਦੇ ਉਤੇ ਟੁਟ ਪਈ ਤੇ ਉਹਨੇ ਉਹਦੇ ਉਤੇ ਏਡੇ ਜ਼ੋਰ ਦਾ ਵਾਰ ਕੀਤਾ ਕਿ ਪਹਿਲੀ ਮੁਰਗ਼ਾਬੀ ਨੇ ਆਂਡਾ ਸੁਟ ਦਿਤਾ, ਤੇ ਆਂਡਾ ਹੇਠਾਂ ਨੀਲੇ ਸਮੁੰਦਰ ਵਿਚ ਜਾ ਪਿਆ।

ਇਹ ਵੇਖ ਈਵਾਨ ਦੇ ਅੱਥਰੂ ਵਗਣ ਲਗ ਪਏ, ਏਸ ਲਈ ਕਿ ਉਹ ਨੀਲੇ ਸਮੁੰਦਰ ਵਿਚੋਂ ਆਂਡਾ ਕਿਵੇਂ ਲਭ ਸਕਦਾ ਸੀ! ਪਰ ਇਕਦਮ ਹੀ ਪਾਈਕ-ਮੱਛੀ ਤੁਰਦੀ-ਤੁਰਦੀ ਕੰਢੇ ਵਲ ਆਈ ਤੇ ਉਹਦੇ ਮੂੰਹ ਵਿਚ ਆਂਡਾ ਸੀ। ਈਵਾਨ ਨੇ ਆਂਡਾ ਤੋੜ ਦਿਤਾ, ਸੂਈ ਕਢ ਲਈ ਤੇ ਉਹਦੀ ਨੋਕ ਤੋੜਨ ਲਗਾ। ਜਿੰਨਾ ਜ਼ਿਆਦਾ ਉਹ ਸੂਈ ਦੀ ਨੋਕ ਨੂੰ ਲਿਫ਼ਾਂਦਾ, ਅਮਰ ਕੋਸ਼ਚੇਈ ਓਨੇ ਜ਼ਿਆਦਾ ਹੀ ਪਾਸੇ ਮਾਰਦਾ ਤੇ ਕੁੜੱਲ ਖਾਂਦਾ। ਪਰ ਉਹ ਕੁਝ ਕਰ ਨਾ ਸਕਿਆ। ਇਸ ਲਈ ਕਿ ਈਵਾਨ ਨੇ ਸੂਈ ਦਾ ਸਿਰਾ ਤੋੜ ਦਿਤਾ ਸੀ ਤੇ ਕੋਸ਼ਚੇਈ ਮਰ ਕੇ ਡਿਗ ਪਿਆ।

ਫੇਰ ਈਵਾਨ ਕੋਸ਼ਚੇਈ ਦੇ ਚਿੱਟੇ ਪੱਥਰ ਵਾਲੇ ਮਹਿਲੀਂ ਗਿਆ। ਤੇ ਚਤਰ-ਸੁਜਾਨ ਵਸਿਲੀਸਾ ਭੱਜੀ-ਭੱਜੀ ਉਹਨੂੰ ਅਗੋਂ ਲੈਣ ਆਈ ਤੇ ਉਹਨੇ ਉਹਦੇ ਸ਼ਹਿਦ-ਮਿਠੇ ਬੁਲ੍ਹਾਂ ਨੂੰ ਚੁੰਮ ਲਿਆ। ਤੇ ਈਵਾਨ ਤੇ ਚਤਰ-ਸੁਜਾਨ ਵਸਿਲੀਸਾ ਵਾਪਸ ਆਪਣੇ ਘਰ ਆ ਗਏ, ਤੇ ਉਹਨਾਂ ਰਲ ਕੇ, ਖੁਸ਼ੀ-ਖੁਸ਼ਾਈਂ, ਲੰਮੀ ਉਮਰ ਭੋਗੀ, ਓਦੋਂ ਤਕ ਜਦੋਂ ਤਕ ਉਹ ਅਸਲੋਂ ਹੀ ਬੁੱਢੇ ਨਾ ਹੋ ਗਏ।