ਇਕ ਵਾਰੀ, ਟਪਰੀਵਾਸਾਂ ਦੇ ਕਿਸੇ ਡੇਰੇ ਵਿਚ ਇਕ ਬੁੱਢਾ ਆਪਣੀਆਂ ਤਿੰਨ ਧੀਆਂ ਨਾਲ ਰਹਿੰਦਾ ਹੁੰਦਾ ਸੀ। ਸਭ ਤੋਂ ਛੋਟੀ ਧੀ ਤਿੰਨਾਂ ਵਿਚੋਂ ਸਭ ਤੋਂ ਚੰਗੇ ਦਿਲ ਵਾਲੀ ਤੇ ਸਿਆਣੀ ਸੀ।
ਬੁੱਢਾ ਬੜਾ ਗ਼ਰੀਬ ਸੀ। ਉਹਦਾ ‘ਚੂਮ’, ਖੱਲਾਂ ਦਾ ਖ਼ੈਰਾ, ਪਾਟਾ-ਪੁਰਾਣਾ ਤੇ ਛੇਕੋ-ਛੇਕ ਸੀ। ਪਾਣ ਨੂੰ ਗਰਮ ਕਪੜੇ ਬਹੁਤ ਘਟ ਸਨ। ਜਦੋਂ ਕੱਕਰ ਡਾਢਾ ਸਖ਼ਤ ਪੈਂਦਾ, ਬੁੱਢਾ ਆਪਣੀਆਂ ਤਿੰਨ ਧੀਆਂ ਨਾਲ ਅੱਗ ਕੋਲ ਗੁੱਛਾ-ਮੁੱਛਾ ਹੋ ਬਹਿੰਦਾ ਤੇ ਨਿੱਘਾ ਰਹਿਣ ਦਾ ਜਤਨ ਕਰਦਾ। ਰਾਤੀਂ, ਸੌਣ ਤੋਂ ਪਹਿਲਾਂ, ਉਹ ਅੱਗ ਬੁਝਾ ਦੇਂਦੇ, ਤੇ ਫੇਰ ਉਹ ਸਵੇਰ ਤਕ ਠੰਡ ਨਾਲ ਕੰਬਦੇ ਰਹਿੰਦੇ।
ਇਕ ਵਾਰੀ, ਭਰ ਸਿਆਲੀਂ, ਤੁੰਦਰਾ ਵਿਚ ਇਕ ਭਿਆਣਕ ਬਰਫ਼-ਝੱਖੜ ਝੁਲ ਪਿਆ। ਹਵਾ ਇਕ ਦਿਨ ਝੁਲਦੀ ਰਹੀ, ਦੂਜੇ ਦਿਨ ਝੁਲਦੀ ਰਹੀ ਤੇ ਉਹ ਤੀਜੇ ਦਿਨ ਝੁਲਦੀ ਰਹੀ, ਤੇ ਇੰਜ ਲਗਦਾ ਸੀ ਕਿ ਸਾਰੇ ਦੇ ਸਾਰੇ 'ਚੂਮ' ਕਿਤੇ ਦੂਰ ਉਡ ਜਾਣਗੇ। ਲੋਕਾਂ ਨੂੰ ਮੂੰਹ ਬਾਹਰ ਕੱਢਣ ਦੀ ਹਿੰਮਤ ਨਹੀਂ ਸੀ ਪੈ ਰਹੀ ਤੇ ਉਹ ਭੁੱਖੇ-ਭਾਣੇ ਤੇ ਠਰੂ-ਠਰੂ ਕਰਦੇ, ਆਪਣੇ ‘ਚੂਮਾਂ’ ਵਿਚ ਬੈਠੇ ਰਹੇ।
ਇਸੇ ਤਰ੍ਹਾਂ, ਬੁੱਢਾ ਤੇ ਉਹਦੀਆਂ ਤਿੰਨ ਧੀਆਂ ਵੀ ਬੈਠੀਆਂ ਸਨ। ਉਹ ‘ਚੂਮ' ਵਿਚ ਬੈਠੇ ਸਨ ਤੇ ਉਹਨਾਂ ਝੁਲਦੇ ਝੱਖੜ ਉਤੇ ਕੰਨ ਲਾਏ ਹੋਏ ਸਨ। ਤੇ ਬੁੱਢਾ ਆਖਣ ਲਗਾ:
"ਇਸ ਝੱਖੜ ’ਚੋਂ ਬੈਠੇ-ਬੈਠੇ ਅਸੀਂ ਬਚ ਨਹੀਂ ਸਕਦੇ। ਇਹ ਪੌਣਾਂ ਦੇ ਸਾਈਂ, ਕੋਤੂਰਾ, ਨੇ ਝੁਲਾਇਐ। ਜ਼ਰੂਰ ਗੁੱਸਾ ਚੜ੍ਹਿਆ ਹੋਏਗਾ ਸੂ, ਉਡੀਕ ਰਿਹਾ ਹੋਏਗਾ, ਅਸੀਂ ਉਹਦੇ ਲਈ ਸੁਚੱਜੀ ਵਹੁਟੀ ਘੱਲੀਏ। ਤੈਨੂੰ, ਮੇਰੀਏ ਵਡੀਏ ਧੀਏ, ਕੋਤੂਰੇ ਕੋਲ ਜਾਣਾ ਚਾਹੀਦੈ, ਨਹੀਂ ਤਾਂ ਸਾਡੇ ਸਾਰੇ ਲੋਕੀ ਮਰ-ਮੁਕ ਜਾਣਗੇ। ਤੂੰ ਜਾ ਤੇ ਮਿੰਨਤ ਕਰ ਸੂ, ਝੱਖੜ ਬੰਦ ਦੇਵੇ।"
"ਜਾਵਾਂ ਕਿਵੇਂ ਮੈਂ?" ਕੁੜੀ ਨੇ ਪੁਛਿਆ। "ਮੈਨੂੰ ਰਾਹ ਦਾ ਪਤਾ ਨਹੀਂ।”
"ਮੈਂ ਤੈਨੂੰ ਛੋਟੀ ਜਿਹੀ ਸਲੈਜ ਦੇਨਾਂ। ਇਹਨੂੰ ਇਸ ਤਰ੍ਹਾਂ ਰਖ ਦਈਂ ਕਿ ਇਹ ਹਵਾ ਦੇ ਸਾਹਮਣੇ ਹੋ ਜਾਏ, ਉਹਨੂੰ ਥੋੜਾ ਜਿਹਾ ਧਕ ਦਈਂ ਤੇ ਉਹਦੇ ਪਿਛੇ-ਪਿਛੇ ਹੋ ਪਈਂ। ਹਵਾ, ਤੇਰੇ ਕੋਟ ਦੀਆਂ ਤਣੀਆਂ ਖੋਲ੍ਹ ਦੇਵੇਗੀ, ਪਰ ਤੂੰ ਉਹਨਾਂ ਨੂੰ ਬੰਨ੍ਹਣ ਲਈ ਅਟਕੀਂ ਨਾ। ਬਰਫ਼ ਤੇਰੇ ਬੂਟਾਂ 'ਚ ਵੜ ਜਾਵੇਗੀ, ਪਰ ਤੂੰ ਉਹਨੂੰ ਝਾੜਨ ਲਈ ਖਲੋਈਂ ਨਾ। ਓਦੋਂ ਤਕ ਕਿਤੇ ਨਾ ਠਹਿਰੀਂ, ਜਦੋਂ ਤਕ ਤੂੰ ਇਕ ਉਚੇ ਪਹਾੜ ਕੋਲ ਨਹੀਂ ਪਹੁੰਚ ਜਾਂਦੀ। ਪਹਾੜ 'ਤੇ ਚੜ੍ਹ ਜਾਈਂ ਤੇ ਜਦੋਂ ਤੂੰ ਟੀਸੀ ਉਤੇ ਪਹੁੰਚ ਜਾਵੇਂ, ਫੇਰ ਤੂੰ ਬੂਟਾਂ 'ਚੋਂ
੨੪੧