ਪੰਨਾ:ਮਾਣਕ ਪਰਬਤ.pdf/267

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏ, ਮੈਂ ਹੈ ਈ ਇਸ ਕਾਬਲ ਹਾਂ, ਸਾਰਾ ਮੇਰਾ ਆਪਣਾ ਕਸੂਰ ਏ। ਮੈਂ ਤੈਨੂੰ ਧਰਤੀ ਤੋਂ ਚੁਕ ਲਿਜਾਣਾ ਚਾਹੁੰਦਾ ਸਾਂ। ਪਰ ਇਸ ਤੋਂ ਪਹਿਲਾਂ ਕਿ ਮੈਂ ਮਰਾਂ, ਮੇਰੇ ਉਤੇ ਖੱਲਾਂ ਪਾ ਦੇ, ਤੇ ਮੈਨੂੰ ਨਿੱਘਾ ਹੋ ਲੈਣ ਦੇ, ਮੈਨੂੰ ਡਾਢੀ ਠੰਡ ਲਗ ਰਹੀ ਏ ..."

ਮੁਟਿਆਰ ਦੀ ਹੈਰਾਨੀ ਦੀ ਹਦ ਨਾ ਰਹੀ।

"ਤੈਨੂੰ — ਠੰਡ ਲਗ ਰਹੀ ਏ?" ਉਹ ਕਹਿਣ ਲਗੀ। "ਕਿਉਂ ਭਲਾ, ਤੂੰ ਬਾਹਰ ਖੁਲ਼ 'ਚ ਰਹਿਣੈਂ, ਤੇਰਾ ਘਰ ਕੋਈ ਨਹੀਂ, ਤੇਰਾ 'ਚੂਮ' ਕੋਈ ਨਹੀਂ, ਤੂੰ ਖੁਲ੍ਹਾਂ ਦਾ ਰਹਿਣ ਵਾਲੈਂ, ਤੇ ਤੈਨੂੰ ਰਹਿਣਾ ਵੀ ਓਥੇ ਈ ਚਾਹੀਦੈ। ਤੈਨੂੰ ਮੇਰੀਆਂ ਖੱਲਾਂ ਦੀ ਕੀ ਲੋੜ ਏ!"

ਫੇਰ ਚੰਨ-ਮਨੁਖ ਮੁਟਿਆਰ ਦੀਆਂ ਮਿੰਨਤਾਂ ਕਰਨ ਲਗ ਪਿਆ, ਤੇ ਉਹ ਉਹਦੇ ਨਾਲ ਇਸ ਤਰ੍ਹਾਂ ਬੋਲਿਆ:

"ਇਸ ਲਈ ਕਿ ਮੇਰਾ ਘਰ - ਘਾਟ ਕੋਈ ਨਹੀਂ, ਤੇ ਕਦੀ ਮੇਰਾ ਹੋਣਾ ਵੀ ਨਹੀਂ, ਮੈਨੂੰ ਅਸਮਾਨੇਂ ਫਿਰਨ ਲਈ ਛਡ ਦੇ। ਮੈਂ ਕੋਈ ਚੀਜ਼ ਹੋਵਾਂਗਾ, ਜਿਹਨੂੰ, ਤੇਰੇ ਲੋਕ ਵੇਖਿਆ ਕਰਨਗੇ, ਕੋਈ ਚੀਜ਼, ਜਿਹੜੀ ਉਹਨਾਂ ਨੂੰ ਖੁਸ਼ੀ ਦਿਆ ਕਰੇਗੀ। ਮੈਨੂੰ ਛਡ ਦੇ ਤੇ ਮੈਂ ਤੇਰੇ ਲੋਕਾਂ ਲਈ ਚਾਨਣ - ਮੁਨਾਰਾ ਬਣਾਂਗਾ ਤੇ ਤੰਦਰਾ ਦੇ ਆਰ — ਪਾਰ ਉਹਨਾਂ ਨੂੰ ਰਾਹ ਵਿਖਾਵਾਂਗਾ। ਮੈਨੂੰ ਛਡ ਦੇ, ਤੇ ਮੈਂ ਰਾਤ ਨੂੰ ਦਿਨ ਬਣਾ ਦਿਆਂਗਾ! ਮੈਨੂੰ ਛੱਡ ਦੇ, ਤੇ ਮੈਂ ਤੇਰੇ ਲੋਕਾਂ ਲਈ ਸਾਲ ਮਾਪਿਆ ਕਰਾਂਗਾ। ਪਹਿਲੋਂ ਮੈਂ, ਬੁੱਢੇ ਢੱਗੇ ਵਾਲਾ ਚੰਨ ਹੋਵਾਂਗਾ, ਫੇਰ ਵਛੇਰਿਆਂ ਦੇ ਸੂਣ ਵਾਲਾ ਚੰਨ ਹੋਵਾਂਗਾ, ਫੇਰ ਪਾਣੀਆਂ ਵਾਲਾ ਚੰਨ, ਫੇਰ ਪਤਿਆਂ ਵਾਲਾ ਚੰਨ, ਫੇਰ ਨਿਘ ਵਾਲਾ ਚੰਨ, ਤੇ ਫੇਰ ਹਿਰਨ-ਸਿੰਙਾਂ ਦੇ ਝੜਨ ਵਾਲਾ ਚੰਨ ਤੇ ਫੇਰ ਜੰਗਲੀ ਹਿਰਨਾਂ ਵਿਚ ਪਿਆਰ ਵਾਲਾ ਚੰਨ, ਫੇਰ ਪਹਿਲੇ ਸਿਆਲ ਵਾਲਾ ਚੰਨ, ਤੇ ਫੇਰ ਛੋਟੇ ਹੋ ਰਹੇ ਦਿਨਾਂ ਵਾਲਾ ਚੰਨ।"

"ਤੇ ਜੇ ਤੈਨੂੰ ਮੈਂ ਛਡ ਦਿਆਂ ਤੇ ਤੂੰ ਫੇਰ ਤਕੜਾ ਹੋ ਜਾਏਂ ਤੇ ਤੇਰੇ ਹੱਥਾਂ ਤੇ ਪੈਰਾਂ 'ਚ ਜ਼ੋਰ ਆ ਜਾਏ — ਤੂੰ ਮੈਨੂੰ ਚੁਕ ਲਿਜਾਣ ਲਈ ਅਸਮਾਨ ਤੋਂ ਹੇਠਾਂ ਨਹੀਂ ਆਏਂਗਾ?"

"ਨਹੀਂ, ਨਹੀਂ, ਕਦੀ ਵੀ ਨਹੀਂ। ਮੈਂ ਤੇਰੇ ਵਲ ਦਾ ਰਾਹ ਤਕ ਵੀ ਭੁਲਾ ਦੇਣ ਦੀ ਕੋਸ਼ਿਸ਼ ਕਰਾਂਗਾ। ਤੂੰ ਮੇਰੇ ਤੋਂ ਬਹੁਤ ਈ ਹੁਸ਼ਿਆਰ ਏ। ਮ ਫੇਰ ਅਸਮਾਨ ਤੋਂ ਕਦੀ ਵੀ ਨਹੀਂ ਉਤਰਨ ਲਗਾ। ਤੂੰ ਮੈਨੂੰ ਛੱਡ ਦੇ ਸਹੀ, ਤੇ ਮੈਂ ਧਰਤੀ ਤੇ ਅਸਮਾਨ ਨੂੰ ਰੁਸ਼ਨਾ ਦਿਆਂਗਾ!"

ਤੇ ਮੁਟਿਆਰ ਨੇ ਚੰਨ-ਮਨੁਖ ਨੂੰ ਛਡ ਦਿਤਾ ਤੇ ਉਹ ਉਪਰ ਅਸਮਾਨ ਵਿਚ ਚੜ੍ਹ ਗਿਆ ਤੇ ਉਹਨੇ ਧਰਤੀ ਉਤੇ ਰੌਸ਼ਨੀ ਦਾ ਹੜ੍ਹ ਲੈ ਆਂਦਾ।