ਪੰਨਾ:ਮਾਣਕ ਪਰਬਤ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਸੁਣ ਕਿਸਾਨ-ਜਾਇਆ ਈਵਾਨ ਪੁਲ ਹੇਠੋਂ ਬਾਹਰ ਨਿਕਲ ਆਇਆ।

ਚੁਦੋ-ਯੁਦੋ, ਕਾਲੇ ਦਿਲ ਵਾਲੇ ਦੈਂਤਾ, ਐਵੇਂ ਫੜਾਂ ਨਾ ਮਾਰਦਾ ਜਾ!" ਉਹਨੇ ਲਲਕਾਰਾ ਮਾਰਿਆ। "ਅਜੇ ਬਾਜ਼ ਤੇਥੋਂ ਫੁੰਡਿਆ ਨਹੀਂ ਗਿਆ, ਪਹਿਲੋਂ ਹੀ ਓਹਦੇ ਖੰਭ ਨਾ ਖੋਹਣ ਲਗ ਪਓ! ਤੈਨੂੰ ਖਬਰ ਨਹੀਂ ਅਜੇ, ਕਿੱਡਾ ਬਾਂਕਾ ਜਵਾਨ ਹਾਂ ਮੈਂ, ਏਸ ਲਈ ਟਿਚਰਾਂ ਨਾ ਕਰ ਪਿਆ! ਸਗੋਂ ਆ, ਮੇਰੇ ਨਾਲ ਜ਼ੋਰ ਅਜ਼ਮਾ, ਤੇ ਜਿਹੜਾ ਦੂਜੇ ਨੂੰ ਢਾਹ ਲਏ, ਪਿਆ ਮਾਰੇ ਜੀ ਭਰ ਕੇ ਫੜਾਂ।"

ਉਹ ਇਕ ਦੂਜੇ ਦੇ ਨੇੜੇ ਹੋ ਗਏ, ਉਹਨਾਂ ਦੀਆਂ ਤਲਵਾਰਾਂ ਟਕਰਾਈਆਂ, ਏਸ ਤਰ੍ਹਾਂ ਕਿ ਦੁਆਲੇ ਦੀ ਜ਼ਮੀਨ ਕੰਬ ਉਠੀ ਤੇ ਸਾਂ-ਸਾਂ ਕਰਨ ਲਗ ਪਈ, ਪਰ ਹਾਲ ਮੰਦਾ ਚੁਦੋ-ਯੁਦੋ ਦਾ ਹੋਇਆ, ਕਿਉਂ ਜੁ ਕਿਸਾਨਾਂ ਦੇ ਮੁੰਡੇ ਈਵਾਨ ਨੇ ਇਕ ਵਾਰ ਨਾਲ ਉਹਦੇ ਤਿੰਨ ਸਿਰ ਕਟ ਦਿਤੇ।

"ਈਵਾਨ, ਕਿਸਾਨ ਦਿਆ ਪੁਤਰਾ, ਠਹਿਰ ਜਾ!" ਚੁਦੋ-ਯੁਦੋ ਕੂਕਿਆ। "ਮੈਨੂੰ ਸਾਹ ਲੈ ਲੈਣ ਦੇ!"

"ਨਹੀਂ, ਹੁਣ ਸਾਹ ਲੈਣ ਦੀ ਕੋਈ ਗੱਲ ਨਹੀਂ ਹੋ ਸਕਦੀ। ਤੇਰੇ, ਚੁਦੋ-ਯੁਦੋ ਦੇ, ਤਿੰਨ ਸਿਰ ਨੇ ਤੇ ਮੇਰਾ ਇਕੋ ਏ। ਜਦੋਂ ਤੇਰਾ ਇਕੋ ਸਿਰ ਰਹਿ ਗਿਆ, ਫੇਰ ਅਸੀਂ ਸਾਹ ਲਵਾਂਗੇ।"

ਤੇ ਫੇਰ ਉਹ ਇਕ ਦੂਜੇ ਦੇ ਨੇੜੇ ਆਏ ਤੇ ਉਹਨਾਂ ਤਲਵਾਰਾਂ ਟਕਰਾਈਆਂ, ਤੇ ਕਿਸਾਨ-ਜਾਏ ਈਵਾਨ ਨੇ ਚੁਦੋ-ਯੁਦੋ ਦੇ ਬਾਕੀ ਦੇ ਤਿੰਨੇ ਸਿਰ ਵਢ ਕੇ ਰਖ ਦਿਤੇ। ਫੇਰ ਉਹਨੇ ਉਹਦੀ ਲੋਥ ਦੇ ਛੋਟੇ-ਛੋਟੇ ਡਕਰੇ ਕਰ ਦਿਤੇ, ਉਹਨਾਂ ਨੂੰ ਦਾਖਾਂ ਵਾਲੇ ਦਰਿਆ ਵਿਚ ਸੁਟ ਦਿਤਾ, ਛੇ ਸਿਰਾਂ ਨੂੰ ਬੇਰੀਆਂ ਵਾਲੇ ਪੁਲ ਹੇਠਾਂ ਰਖ ਦਿਤਾ ਤੇ ਆਪ ਝੁੱਗੀ ਨੂੰ ਪਰਤ ਆਇਆ ਤੇ ਸੌਂ ਗਿਆ।

ਸਵੇਰੇ, ਉਹਦਾ ਸਭ ਤੋਂ ਵਡਾ ਭਰਾ ਆਇਆ, ਤੇ ਈਵਾਨ ਨੇ ਉਹਨੂੰ ਵੇਖਿਆ ਤੇ ਉਸ ਤੋਂ ਪੁਛਿਆ:

"ਕਿਉਂ, ਕੁਝ ਦਿਸਿਆ ਸਾਈ?"

"ਨਹੀਂ," ਦੂਜੇ ਨੇ ਜਵਾਬ ਦਿਤਾ, "ਮੇਰੇ ਕੋਲੋਂ ਮੱਖੀ ਵੀ ਨਹੀਂ ਲੰਘੀ।"

ਤੇ ਇਹ ਸੁਣ ਈਵਾਨ ਨੇ ਅਗੋਂ ਕੁਝ ਨਾ ਆਖਿਆ।

ਦੂਜੀ ਰਾਤ ਨੂੰ ਵਿਚਲਾ ਭਰਾ ਪਹਿਰਾ ਦੇਣ ਗਿਆ। ਉਹ ਏਧਰ ਘੁੰਮਦਾ ਰਿਹਾ ਤੇ ਓਧਰ ਘੁੰਮਦਾ ਰਿਹਾ, ਉਹਨੇ ਆਪਣੇ ਚੌਹਾਂ ਪਾਸੇ ਵੇਖਿਆ ਤੇ ਨਤੀਜਾ ਕਢਿਆ ਕਿ ਹਰ ਪਾਸੇ ਚੁਪ-ਚਾਂ ਸੀ। ਏਸ ਲਈ ਉਹ ਰਿੜਕੇ ਝਾੜੀਆਂ ਦੀ ਇਕ ਝੰਗੀ ਵਿਚ ਜਾ ਵੜਿਆ, ਤੇ ਸੌਂ ਗਿਆ।

ਪਰ ਈਵਾਨ ਨੇ ਉਹਦਾ ਵੀ ਓਨਾ ਹੀ ਵਸਾਹ ਕੀਤਾ, ਜਿੰਨਾ ਸਭ ਤੋਂ ਵਡੇ ਭਰਾ ਦਾ ਕੀਤਾ ਸੀ। ਜਦੋਂ ਅੱਧੀ ਰਾਤ ਲੰਘ ਗਈ, ਉਹ ਇਕਦਮ ਤਿਆਰ ਹੋ ਗਿਆ, ਤੇ ਤੇਜ਼ ਤਲਵਾਰ ਚੁਕ ਦਾਖਾਂ ਵਾਲੇ ਦਰਿਆਂ ਵਲ ਹੋ ਪਿਆ। ਉਹ ਬੇਰੀਆਂ ਵਾਲੇ ਪੁਲ ਹੇਠਾਂ ਲੁਕ ਗਿਆ ਤੇ ਉਡੀਕਣ ਲਗਾ।

ਚਾਣਚਕ ਹੀ ਦਰਿਆ ਦਾ ਪਾਣੀ ਖੌਲਣ ਤੇ ਉਬਾਲੇ ਖਾਣ ਲਗ ਪਿਆ, ਤੇ ਸ਼ਾਹ ਬਲੂਤ ਦੇ ਦਰਖ਼ਤਾਂ ਵਿਚ ਉਕਾਬ ਚੀਕਣ ਲਗ ਪਏ, ਤੇ ਦੈਂਤਾਂ ਦਾ ਦੈਂਤ, ਚੁਦੋ-ਯੁਦੋ, ਉਹ ਜਿਹਦੇ ਨੌਂ ਸਿਰ ਸਨ, ਘੋੜੇ ਉੱਤੇ ਅਸਵਾਰ ਆ ਪਹੁੰਚਿਆ। ਉਹ ਬੇਰੀਆਂ ਵਾਲੇ ਪੁਲ ਤਕ ਅਗੇ ਵਧਿਆ, ਤੇ ਉਹਦੇ ਹੇਠਲਾ ਘੋੜਾ ਥਿੜਕ ਪਿਆ, ਉਹਦੇ ਮੋਢੇ ਉਤੇ ਬੈਠੇ ਕਾਲੇ ਕੋਗੜ-ਕਾਂ ਨੇ ਖੰਭ ਫੜਕਾਏ ਤੇ ਉਹਦੇ ਪਿਛੇ ਟੁਰੇ ਆਂਦੇ ਕਾਲੇ ਕੁੱਤੇ ਨੇ ਕੰਨ ਖੜੇ ਕਰ ਲਏ। ਚੁਦੋ-ਯੁਦੋ ਨੇ ਛਾਂਟਾ ਉਗਰਿਆ ਤੇ ਘੋੜੇ ਦੇ ਪਾਸਿਆਂ, ਕੌਗੜ-ਕਾਂ ਦੇ ਖੰਭਾਂ ਤੇ ਕੁੱਤੇ ਦੇ ਕੰਨਾਂ ਉਤੇ ਦੇ ਮਾਰਿਆ।

੨੮