ਪੰਨਾ:ਮਾਣਕ ਪਰਬਤ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਉਹਨੇ ਝੋਲੇ ਵਿਚੋਂ ਚਿੰਤਾਰਾ ਕਢਿਆ। ਉਹ ਮਰਨ ਤੋਂ ਪਹਿਲਾਂ ਇਕ ਵਾਰੀ ਫੇਰ ਸੰਗੀਤ ਰਚਣਾ ਚਾਹੁੰਦਾ ਸੀ। ਉਹਨੇ ਇਕ ਦਰਖ਼ਤ ਨਾਲ ਢਾਸਨਾ ਲਾ ਲਈ ਤੇ ਤਾਰਾਂ ਉਤੇ ਗਜ਼ ਫੇਰਿਆ।

ਚਿੰਤਾਰਾ ਇੰਜ ਬੋਲਿਆ, ਜਿਵੇਂ ਕੋਈ ਜਿਊਂਦੀ-ਜਾਗਦੀ ਚੀਜ਼ ਹੋਵੇ, ਤੇ ਜੰਗਲ ਵਿਚ ਸੰਗੀਤ ਦੀਆਂ ਟੁਣਕਾਰਾਂ ਗੂੰਜ ਉਠੀਆਂ। ਇਕਦਮ ਹੀ ਝਾੜੀਆਂ ਤੇ ਜੰਗਲ ਅਹਿੱਲ ਹੋ ਗਏ, ਇਕ ਵੀ ਪੱਤਾ ਨਹੀਂ ਸੀ ਸਰਕ ਰਿਹਾ; ਬਘਿਆੜ ਇੰਜ ਓਥੇ ਦੇ ਓਥੇ ਖੜੇ ਰਹਿ ਗਏ, ਜਿਵੇਂ ਜੰਮ ਗਏ ਹੋਣ, ਉਹਨਾਂ ਦੇ ਜਬਾੜੇ ਖੁਲ੍ਹੇ ਸਨ, ਭੁਖ ਦਾ ਧਿਆਨ ਨਹੀਂ ਸਾਨੇਂ ਰਿਹਾ ਤੇ ਡੁਬ ਕੇ ਸੁਣ ਰਹੇ ਸਨ।

ਤੇ ਜਦੋਂ ਸੰਗੀਤ ਬੰਦ ਹੋਇਆ, ਤੇ ਬਘਿਆੜ, ਮਾਣੋ ਸੁਫ਼ਨੇ ਵਿਚ, ਜੰਗਲ ਦੇ ਅੰਦਰ ਵਲ ਚਲੇ ਗਏ।

ਚਿੰਤਾਰੇ ਵਾਲਾ ਟੁਰਦਾ ਗਿਆ। ਜੰਗਲ ਤੋਂ ਪਾਰ ਸੂਰਜ ਡੁਬ ਰਿਹਾ ਸੀ, ਉਹਦੀਆਂ ਸੁਨਹਿਰੀ ਕਿਰਨਾਂ ਦਰਖ਼ਤਾਂ ਦੀਆਂ ਟੀਸੀਆਂ ਝਿਲਮਿਲਾ ਰਹੀਆਂ ਸਨ। ਇੰਜ ਚੁਪ-ਚਾਂ ਹੋਈ ਪਈ ਸੀ ਕਿ ਕਿਸੇ ਆਵਾਜ਼ ਦਾ ਸਾਹ ਤਕ ਵੀ ਨਹੀਂ ਸੀ ਸੁਣੀ ਰਿਹਾ।

ਚਿੰਤਾਰੇ ਵਾਲਾ ਦਰਿਆ ਦੇ ਕੰਢੇ ਉਤੇ ਬੈਠ ਗਿਆ, ਉਹ ਆਪਣਾ ਚਿੰਤਾਰਾ ਵਜਾਣ ਲਗ ਪਿਆ। ਉਹਨੇ ਏਨਾ ਸੁਹਣਾ ਵਜਾਇਆ ਕਿ ਧਰਤੀ ਤੇ ਅਸਮਾਨ ਨੇ ਕੰਨ ਲਾ ਲਏ। ਉਹ ਉਹਨੂੰ ਸਦਾ ਸੁਣੀ ਜਾਣ ਲਈ ਤਆਰ ਲਗਦੇ ਸਨ। ਫੇਰ ਉਹਨੇ ਇਕ ਰੌਣਕੀ ਪੋਲਕਾ ਸ਼ੁਰੂ ਕੀਤਾ ਤੇ ਉਹਦੇ ਆਲੇ-ਦੁਆਲੇ ਦੀ ਹਰ ਚੀਜ਼ਚੀਜ਼ ਨੱਚਣ ਲਗ ਪਈ: ਤਾਰੇ ਇੰਜ ਘੁਮਾਟੀਆਂ ਤੇ ਵਲ ਖਾਣ ਲਗ ਪਏ, ਜਿਵੇਂ ਸਿਆਲਾਂ ਵਿਚ ਝੱਖੜ ਦੀ ਬਰਫ਼ ਖਾਂਦੀ ਏ, ਬਦੱਲ ਅਸਮਾਨ ਵਿਚ ਤਾਰੀਆਂ ਲਾਣ ਲਗ ਪਏ, ਤੇ ਮੱਛੀਆਂ ਇੰਜ ਭੁੜਕਣ ਤੇ ਪਾਣੀ ਨਾਲ ਟਪ-ਟਪ ਵੱਜਣ ਲਗੀਆਂ ਕਿ ਦਰਿਆ ਉਬਲਦੇ ਪਾਣੀ ਵਾਂਗ ਖੌਲਣ ਲਗ ਪਿਆ।

ਏਥੋਂ ਤਕ ਕਿ ਪਾਣੀ ਦੇ ਦੇਆਂ ਦਾ ਰਾਜਾ ਵੀ ਆਪਣੇ ਆਪ ਨੂੰ ਨਾ ਰੋਕ ਸਕਿਆ ਤੇ ਉਹ ਵੀ ਨੱਚਣ ਲੱਗ ਪਿਆ, ਤੇ ਉਹਨੇ ਇੰਜ ਲੁੱਡੀ ਪਾਈ ਕਿ ਦਰਿਆ ਦਾ ਪਾਣੀ ਕੰਢਿਉਂ ਬਾਹਰ ਵਹਿ ਨਿਕਲਿਆ। ਦੈਂਤ ਡਰ ਗਏ ਤੇ ਆਪਣੇ ਛਪੜਾਂ ਵਿਚੋਂ ਭਜ ਨਿਕਲੇ, ਪਰ ਭਾਵੇਂ ਉਹ ਰੋਹ ਨਾਲ ਦੰਦ ਕਰੀਚਦੇ ਰਹੇ, ਉਹ ਚਿੰਤਾਰੇ ਵਾਲੇ ਦਾ ਕੁਝ ਵੀ ਨਹੀਂ ਸਨ ਵਿਗਾੜ ਸਕਦੇ।

ਤੇ ਚਿੰਤਾਰੇ ਵਾਲੇ ਨੇ ਜਦੋਂ ਤਕਿਆ ਕਿ ਪਾਣੀ ਦੇ ਦੇਆਂ ਦਾ ਰਾਜਾ ਲੋਕਾਂ ਦੀਆਂ ਪੈਲੀਆਂ ਤੇ ਬਾਗ਼ਾਂ ਵਿਚ ਹੜ੍ਹ ਲਿਆ ਰਿਹਾ ਸੀ, ਉਹਨੇ ਚਿੰਤਾਰਾ ਵਜਾਣਾ ਬੰਦ ਕਰ ਦਿਤਾ, ਚਿੰਤਾਰੇ ਨੂੰ ਝੋਲੇ ਵਿਚ ਪਾ ਲਿਆਤ ਤੇ ਆਪਣੇ ਰਾਹੇ ਪੈ ਗਿਆ।

ਉਹ ਟੁਰਦਾ ਗਿਆ, ਟੁਰਦਾ ਗਿਆ, ਤੇ ਚਾਣਚਕ ਹੀ ਦੋ ਜਵਾਨ ਮਲਕ ਭੱਜੇ-ਭੱਜੇ ਉਹਦੇ ਕੋਲ ਆਏ।

"ਅਜ ਰਾਤੀਂ ਸਾਡੇ ਨਾਚ ਏ," ਉਹਨਾਂ ਆਖਿਆ। "ਚਿੰਤਾਰੇ ਵਾਲਿਆ, ਆ, ਸਾਡੇ ਲਈ ਸੰਗੀਤ ਵਜਾ, ਅਸੀਂ ਤੈਨੂੰ ਚੰਗੇ ਪੈਸੇ ਦਿਆਂਗੇ।"

ਚਿੰਤਾਰੇ ਵਾਲੇ ਨੇ ਸੋਚਿਆਸੋਚਿਆ, ਉਹ ਕਰੇ ਤਾਂ ਕੀ ਕਰੇ! ਰਾਤ ਹਨੇਰੀ ਸੀ, ਤੇ ਉਹਦੇ ਕੋਲ ਸੌਣ ਨੂੰ ਥਾਂ ਕੋਈ ਨਹੀਂ ਸੀ, ਤੇ ਨਾ ਹੀ ਕੋਲ ਪੈਸੇ ਸਨ।

"ਠੀਕ ਏ," ਉਹਨੇ ਆਖਿਆ, "ਮੈਂ ਤੁਹਾਡੇ ਲਈ ਵਜਾ ਦਿਆਂਗਾਂ ਸੰਗੀਤ।"

ਨੌਜਵਾਨ ਮਲਕ ਚਿੰਤਾਰੇ ਵਾਲੇ ਨੂੰ ਇਕ ਮਹਿਲ ਵਿਚ ਲੈ ਆਏ, ਜਿਥੇ ਏਨੇ ਨੌਜਵਾਨ ਮਲਕ ਤੇ ਮਲਕਾਣੀਆਂ ਸਨ ਕਿ ਗਿਣੀਆਂ ਹੀ ਨਹੀਂ ਸਨ ਜਾ ਸਕਦੀਆਂ।

੬੯