ਪੰਨਾ:ਮਾਣਕ ਪਰਬਤ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਕਾਸ਼ਕ ਵਲੋਂ

ਪਿਆਰੇ ਪਾਠਕੋ!

ਸਾਨੂੰ ਵਿਸ਼ਵਾਸ ਹੈ , ਤੁਹਾਨੂੰ ਸਭ ਨੂੰ ਪਤਾ ਹੋਵੇਗਾ ਕਿ ਸੋਵੀਅਤ ਯੂਨੀਅਨ ਇਕ ਬਹੁਤ ਹੀ ਵੱਡਾ ਦੇਸ ਹੈ, ਦੁਨੀਆਂ ਵਿਚ ਸਭ ਨਾਲੋਂ ਵਡਾ। ਇਹਦੇ ਗਵਾਂਢੀ ਪੂਰਬ ਵੱਲੇ ਅਲਾਸਕਾ ਤੇ ਪੱਛਮ ਵੱਲੇ ਸਕੰਡੇਨੇਵੀਆਂ ਹਨ। ਦੱਖਣ ਵੱਲੇ ਇਹ ਕਾਕੇਸ਼ੀਆ ਤੇ ਪਾਮੀਰ ਦੇ ਪਹਾੜੀ ਸਿਲਸਲਿਆਂ ਤਕ ਪਸਰਿਆ ਹੋਇਆ ਹੈ, ਤੇ ਉਤੱਰ ਵੱਲੇ ਇਹ ਉਤਰੀ ਹਿੰਮ ਮਹਾਂਸਾਗਰ ਨਾਲ ਜਾ ਲਗਦਾ ਹੈ। ਤੇ ਇਸ ਮਹਾਨ ਦੇਸ ਦਾ ਦਿਲ, ਧੜਕਦਾ ਦਿਲ, ਮਾਸਕੋ ਹੈ।

ਜਦੋਂ ਵੱਡੇ ਵੇਲੇ ਦੀਆਂ ਰਿਸ਼ਮਾਂ ਧੁਰ ਪੂਰਬ ਵਿਚ ਖਬਾਰੋਵਸਕ ਦੇ ਅਸਮਾਨੀਂ ਲੋ ਕਰ ਰਹੀਆਂ ਹੁੰਦੀਆਂ ਹਨ, ਮਿੰੰਸਕ, ਕੀਵ ਤੇ ਪੱਛਮ ਵਲ ਦੇ ਹੋਰਨਾਂ ਸ਼ਹਿਰਾਂ ਵਿਚ ਸੂਰਜ ਡੁੱਬਣ ਵਾਲਾ ਹੁੰਦਾ ਹੈ। ਜਦੋਂ ਯਾਕੂਤੀਆ ਵਿਚ ਬਰਫੀਲੀਆਂ ਹਵਾਵਾਂ ਝੁਲ ਰਹੀਆਂ ਹੁੰਦੀਆਂ ਹਨ ਤੇ ਲੋਕ ਪਸ਼ਮ ਦੇ ਕਪੜੇ ਪਾਈ ਫਿਰਦੇ ਹਨ, ਤਾਸ਼ਕੰਦ ਵਿਚ ਗੁਲਾਬ ਖਿੜ ਰਹੇ ਹੁੰਦੇ ਹਨ ਤੇ ਛੁੱਟੀਆਂ ਮਨਾਉਣ ਆਏ ਲੋਕੀ ਕਾਲੇ ਸਾਗਰ ਦੇ ਪੱਥਰ-ਗੀਟਿਆਂ ਵਾਲੇ ਤਟਾਂ ਉਤੇ ਧੁੱਪਾਂ ਮਾਣ ਰਹੇ ਹੁੰਦੇ ਹਨ।

ਇਸ ਬਹੁਤ ਵਡੇ ਦੇਸ ਵਿਚ ਬਹੁਤ ਸਾਰੀਆਂ ਵਖ-ਵਖ ਕੌਮਾਂ ਵਸਦੀਆਂ ਹਨ;- ਉਹਨਾਂ ਦੀਆਂ ਆਪੋ ਆਪਣੀਆਂ ਰੀਤਾਂ ਤੇ ਰਵਾਇਤਾਂ ਹਨ, ਆਪੋ ਆਪਣੀਆਂ ਬੋਲੀਆਂ ਹਨ। ਮਿਸਾਲ ਵਜੋਂ, ਉਜ਼ਬੇਕ ਬੋਲੀ ਰੂਸੀ ਬੋਲੀ ਨਾਲ, ਜਾਂ ਫੇਰ ਮੋਲਦਾਵੀ ਬੋਲੀ ਨਾਲ, ਓਨੀ ਕੁ ਹੀ ਮਿਲਦੀ ਹੈ, ਜਿੰਨੀ ਕੁ ਅਰਬੀ ਅੰਗਰੇਜ਼ੀ ਜਾਂ ਚੀਨੀ ਬੋਲੀ ਨਾਲ।

ਤੇ ਸੋਵੀਅਤ ਯੂਨੀਅਨ ਦੀ ਹਰ ਕੌਮ ਦੀਆਂ ਆਪੋ ਆਪਣੀਆਂ ਪਰੀ-ਕਹਾਣੀਆਂ ਹਨ। ਚੁਕਚੀ, ਨੇਨੇਤਸ ਤੇ ਯਾਕੂਤ ਕਹਾਣੀਆਂ ਤੇ ਰੂਸੀ ਉਤਰ ਦੇ ਹੋਰਨਾਂ ਲੋਕਾਂ ਦੀਆਂ ਕਹਾਣੀਆਂ ਸਾਨੂੰ ਬਰਫ਼-ਗਲੇਫੇ ਟੁੰਡਰਾ ਵਿਚ ਪਹੁੰਚਾ ਦੇਂਦੀਆਂ ਹਨ, ਇਕ ਅਜਿਹੀ ਦੁਨੀਆਂ ਵਿਚ, ਕੱਕਰ-ਚਿੱਟੀਆਂ ਰਾਤਾਂ ਦੀ ਦੁਨੀਆਂ ਵਿਚ, ਜਿਥੇ ਲੋਹੜੇ ਦੇ ਕੱਕਰ ਤੇ ਚਾਂਗਰਦੇ ਝੱਖੜ ਝੁਲਦੇ ਹਨ, ਜਿਥੇ ਕੁੱਤਾ ਤੇ ਰੇਂਂਡੀਅਰ ਮਨੁਖ ਦੇ ਸਭ ਤੋਂ ਚੰਗੇ ਯਾਰ ਹਨ। ਕੇਂਦਰੀ ਏਸ਼ੀਆ ਦੇ ਲੋਕਾਂ ਦੀਆਂ ਕਹਾਣੀਆਂ ਵਿਚ ਊਠ ਲੂੰਹਦੇ ਰੇਤੇ ਉਤੇ ਹੌਲੀ-ਹੌਲੀ ਪੈਰ ਪਟਦੇ ਹਨ, ਦੱਖਣੀ ਸੂਰਜ ਦੀ ਤੇਜ਼ ਧੁੱਪ ਵਿਚ ਅਨਾਰ ਪੱਕ ਰਹੇ ਹੁੰਦੇ ਹਨ, ਹਦਵਾਣੇ ਰਸੀਲੇ ਹੋ ਰਹੇ ਹੁੰਦੇ ਹਨ ਤੇ ਸਦਾ-ਤਿਹਾਈਆਂ ਪੈਲੀਆਂ ਨੂੰ ਵੱਤਰ ਪਹੁੰਚਾਣ ਵਾਲੀਆਂ ਬੇ-ਸ਼ੁਮਾਰ ਨਹਿਰਾਂ ਦੇ ਪਾਣੀਆਂ ਦੀ ਅਰੁੱਕ ਕੁਲਕੁਲ ਸੁਣੀਂਦੀ ਹੈ। ਰੂਸੀ ਪਰੀ-ਕਹਾਣੀਆਂ ਪੜ੍ਹਦਿਆਂ ਸਾਡੇ ਮਨੀਂ ਹੋਰ ਤਰ੍ਹਾਂ ਦੇ ਦ੍ਰਿਸ਼ ਤੇ ਚਿਤਰ