ਪੰਨਾ:ਮਾਤਾ ਹਰੀ.pdf/181

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਜਵਾਬ ਤਲਬੀ ਹੋਣੀ ਸੀ। ਮੇਜਰ ਮੈਸਰਡ ਦਸਦਾ ਹੈ ਕਿ ਉਸ ਵੇਲੇ ਮਾਤਾ ਹਰੀ ਪਤਲੀ ਅਤੇ ਲੰਮੀ ਸੀ। ਸੋਹਣੇ ਚੇਹਰੇ ਤੇ ਗੁਸਾ ਸੀ ਜਿਸ ਕਰ ਕੇ ਸੋਹਣੇ ਨਕਸ਼ਾਂ ਵਾਲੇ ਚੇਹਰੇ ਦੀ ਸੁਪਤਾ ਅਤੇ ਨਸ਼ੀਲੀਆਂ ਇਕਰਾਰ ਭਰੀਆਂ ਅਖਾਂ ਦੀ ਮਟਕ ਮਠੀ ਪੈ ਗਈ ਸੀ। ਉਹ ਨੀਲੇ ਕਪੜੇ ਪਾਈ ਖਲੋਤੀ ਸੀ। ਨਜ਼ਾਕਤ ਦਾ ਕੋਈ ਘਾਟਾ ਨਹੀਂ ਸੀ, ਪਰ ਵੇਖਣ ਵਾਲੇ ਹਰਾਨ ਸਨ ਕਿ ਮਾਤਾ ਹਰੀ ਉਤੇ ਹੁਸਨ ਦੀ ਝਲਕ ਨਹੀਂ ਸੀ। ਉਹ ਉਸ ਵੇਲੇ ਪੂਰੀ ਜਰਮਨ ਦੀ ਵਾਸੀ ਦਿਸ ਰਹੀ ਸੀ-ਉਹਦੇ ਤਰੀਕੇ ਤੇ ਉਹਦਾ ਦਿਲ ਜਰਮਨ ਹੋ ਚੁਕਿਆ ਸੀ। ਪਰ ਹਰ ਕੋਈ ਜਿਸ ਨੇ ਮਾਤਾ ਹਰੀ ਨੂੰ ਵੇਖਿਆ, ਹਰਾਨ ਸੀ ਕਿ ਕਿਵੇਂ ਉਹ ਮਜ਼ਬੂਤੀ ਨਾਲ ਵਕੀਲਾਂ ਦੇ ਸਾਹਮਣੇ ਖਲੋਤੀ ਸੀ ਅਤੇ ਸਾਰੇ ਮੁਕੱਦਮੇ ਵਿਚ ਉਹਨੇ ਆਪਣੀ ਲਿਆਕਤ ਦਾ ਕਿਤਨਾ ਭਾਰੀ ਸਬੂਤ ਦਿਤਾ ਸੀ। ਹਰ ਸਵਾਲ ਦਾ ਉੱਤਰ ਮਾਨੋ ਪਹਿਲੇ ਹੀ ਤਿਆਰ ਸੀ। ਆਪਣੇ ਕੰਮ ਨੂੰ ਮੰਨਦੀ ਸੀ, ਪਰ ਉਨ੍ਹਾਂ ਮਨੋਰਥਾਂ ਤੋਂ ਜਿਹੜੇ ਇਨ੍ਹਾਂ ਕੰਮਾਂ ਨਾਲ ਲਾਏ ਜਾਂਦੇ ਸਨ, ਨਾਂਹ ਕਰਦੀ ਸੀ। ਉਹ ਮੰਨਦੀ ਸੀ ਕਿ ਉਹ ਇਵੇਂ ਹੀ ਕੰਮ ਕਰਦੀ ਰਹੀ ਜਿਵੇਂ ਜਾਸੂਸ, ਪਰ ਮਾਤਾ ਹਰੀ ਬਹਿਸ ਕਰਦੀ ਸੀ ਕਿ ਉਹ ਵੇਸਵਾ ਤੇ ਨਾਚੀ ਸੀ, ਜਾਸੂਸਨ ਨਹੀਂ ਸੀ। "ਜੇਕਰ ਕਈ ਵਾਰੀ ਲੁਕਾ ਛਿਪਾ ਕੀਤਾ ਤਾਂ ਏਸ ਲਈ ਕਿ ਉਨ੍ਹਾਂ ਅਫ਼ਸਰਾਂ ਉੱਤੇ ਪੜਦਾ ਪਾਵਾਂ ਜਿਹੜੇ ਮੇਰੇ ਨਾਲ ਰੰਗ ਰਲੀਆਂ ਕਰਦੇ ਰਹੇ ਸਨ। ਉਹ ਮੇਰੇ ਤੇ ਬੜੀਆਂ ਮੇਹਰਬਾਨੀਆਂ ਕਰਦੇ ਰਹੇ ਸਨ। ਮੈਂ ਉਨ੍ਹਾਂ ਦੀ ਮਿੱਤ੍ਰਤਾ ਤੇ ਮਾਨ ਕਰਦੀ ਹਾਂ।"

੧੮੨.