ਪੰਨਾ:ਮਾਨ-ਸਰੋਵਰ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਜਾਵਾਂ ਕਿੱਧਰ ਕੁਝ ਨ ਲੱਭੇ,
ਜਿੱਧਰ ਵੇਖਾਂ ਘੁੁੱਪ ਅਨ੍ਹੇਰਾ।
ਤਿੰਨਾਂ ਲੋਕਾਂ ਅੰਦਰ ਦਿੱਸੇ,
ਮੈਨੂੰ ਤੇ ਇਕ ਬੂਹਾ ਤੇਰਾ।

ਮੈਂ ਹਾਂ ਤੇਰੇ ਦਰ ਦੀ ਕੂਕਰ,
ਹੋਰ ਬੂਹੇ ਤੇ ਬੰਨ੍ਹ ਧਰੀਂ ਨਾ।
ਬਿਨ ਤੇਰੇ ਮੈਂ ਜੀ ਨਹੀਂ ਸਕਦੀ,
ਬੂਹੇ ਆਪਣੇ ਬੰਦ ਕਰੀਂ ਨਾ।

ਥੜ੍ਹਿਆਂ ਉੱਤੇ ਸੌਂਣ ਨ ਦੇਵੀਂ,
ਸੂਲਾਂ ਉੱਤੇ ਲੇਟ ਰਵ੍ਹਾਂਗੀ।
ਜਦ ਤਕ ਸੌਣ ਨ ਦੇਸਣ ਮੈਨੂੰ,
ਤਦ ਤੱਕ ਤੈਨੂੰ ਯਾਦ ਕਰਾਂਗੀ।

ਮਿਠੀ ਤੇ ਬੇਚੈਨ ਜਹੀ ਉਹ,
ਪੀੜ ਅਨੋਖੀ ਠਗਦੀ ਮੈਨੂੰ।
ਮਸਤੀ ਵਿਚ ਕੰਡਿਆਂ ਦੀ ਸੇਜਾ,
ਕਲੀਆਂ ਤੋਂ ਵੱਧ ਲੱਗਦੀ ਮੈਨੂੰ।

ਦਸ ਅਜਿਹੇ ਬੂਹੇ ਉਤੇ,
ਜਿਸਨੇ ਰਾਤ ਲੰਘਾਈ ਹੋਵੇ।
ਉਹ ਸ਼ਾਹੀਆਂ ਦੇ ਬਦਲੇ ਕੀਕੂੂੰ,
ਐਸੀ ਸ੍ਵਰਗੀ-ਸ਼ਾਹੀ ਖੋਵੇ।

ਤੇਰੇ ਬਾਝੋਂ ਅੱਖੀਆਂ ਅੰਦਰ,
ਨਾ ਜਚੇ ਕੋਈ ਹੋਰ ਵੇ ਸਾਈਆਂ!

-੧੦੮-