ਪੰਨਾ:ਮਾਨ-ਸਰੋਵਰ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਛੇ ਮੱਝੀਆਂ ਦੇ ਛੇੜੂ ਫਿਰਨ ਭੌਂਦੇ,
ਇਹ ਦੇ ਮਗਰ ਪਰ ਮੱਝੀਆਂ ਭੌਂਦੀਆਂ ਨੇ।


ਬੂਥੇ ਚੁੱਕ ਕੇ ਟੁਰਦੀਆਂ ਜਾਣ ਪਿਛੇ,
ਜਿਵੇਂ ਕੁਠੀਆਂ ਇਸ਼ਕ ਦੀ ਧਾਰ ਦੀਆਂ।
ਪੜ੍ਹ ਪੜ੍ਹ ਇਸ਼ਕ ਦੇ ਕਾਂਡ ਖਾਮੋਸ਼ ਹੋਈਆਂ,
ਮੁੜ ਮੁੜ ਜੀਭ ਨੂੰ ਜੰਦਰੇ ਮਾਰਦੀਆਂ।


ਘੜੀ ਘੜੀ ਵੇਖਣ ਉਹਨੂੰ ਚੁਗਦੀਆਂ ਵੀ,
ਲਗੇ ਵਾਹ ਨ ਕਰਨ ਵਿਸਾਹ ਮੱਝਾਂ।
ਜਾਣ ਬੁਝ ਕੇ ਪਲਕ ਜੇ ਹੋਇ ਓਹਲੇ,
ਤਾਂ ਫਿਰ ਮੂੰਹ ਨ ਪਾਂਦੀਆਂ, ਘਾਹ ਮੱਝਾਂ।


ਓਹਨੂੰ ਭਾਲ ਕੇ ਪਹਿਲਣਾਂ ਆਉਣ ਪਹਿਲੋਂ,
ਕਈ ਨੱਸਦੀਆਂ ਸੁੰਘ ਕੇ ਜਾਣ ਉਹਨੂੰ।
ਪੂਛਾਂ ਚੁੱਕੀਆਂ ਜ਼ੋਰ ਕੁਦਾੜਿਆਂ ਤੇ,
ਟੱਕਰ ਲਾਡ ਦੀ ਆ ਕਈ ਲਾਣ ਉਹਨੂੰ।


ਕਈ ਹਥਾਂ ਤੇ ਰਖਦੀਆਂ ਮੁੰਹ ਆ ਕੇ,
ਲੈ ਲੈ ਥਾਪੀਆਂ ਕਈ ਮੁੜ ਜਾਂਦੀਆਂ ਨੇ।
ਮੋਥਾ ਛੱਡ ਜੁਦਾਈ ਤੋਂ ਡਰਦੀਆਂ ਈ,
ਪੈਰਾਂ ਵਿੱਚ ਰੁਲਦੇ ਪੱਤਰ ਖਾਂਦੀਆਂ ਨੇ।


ਜਾਦੂਗਰ ਅਨੋਖੜਾ ਇਹ ਸੱਚੀਂ,
ਝਮਕਣ ਦੀਦੇ ਨ ਇਦ੍ਹੇ ਉਪਾਸ਼ਕਾਂ ਦੇ।
ਛਟੀ ਹੱਥ ਦੀ ਜਾਦੂ ਦੀ ਛਟੀ ਕੋਈ,
ਕੀਤੇ ਮੱਝੀਆਂ ਸੂ ਟੋਲੇ ਆਸ਼ਕਾਂ ਦੇ।

- ੨੩ -