ਸਮੱਗਰੀ 'ਤੇ ਜਾਓ

ਪੰਨਾ:ਮਾਨ-ਸਰੋਵਰ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਨਾਮ ਅਜੀਤ ਸੁਣਦਿਆਂ ਸਾਰੇ,
ਚਿਮਟ ਗਏ ਝਟ ਲੋਥ ਨੂੰ ਆਕੇ ।
ਨਾਲ ਪਿਆਰ ਦੇ ਧਰ ਲਈ ਉਹਨਾਂ,
ਮੋਢਿਆਂ ਤੇ ਗਲਵੱਕੜੀ ਪਾਕੇ ।

ਕਹਿਣ ਲਗੇ 'ਨਹੀਂ ਜਰਿਆ ਜਾਂਦਾ,
ਲੋਥ ਵੀਰ ਦੀ ਰੁਲਦੀ ਹੋਵੇ ।
ਤੋੜਨ ਖ਼ਾਤਰ ਮਾਸ ਓਸਦਾ,
ਗਿਰਝ ਗਿਰਝ ਨਾਲ ਘੁਲਦੀ ਹੋਵੇ ।

ਓਸ ਕਿਹਾ ਪਰ 'ਸੋਚੋ ਸਿੰਘੋ !
ਇਹ ਤੇ ਹੈ ਇਕ ਠੀਕਰ ਭੱਜਾ ।
ਬਾਬੇ ਦੀ ਗੋਦੀ ਵਿਚ ਜਾਕੇ,
ਉਹ ਤੇ ਬੈਠਾ ਹੈ ਜੇ ਕੱਦ ਦਾ ।

ਜਦ ਤੀਕਣ ਗਿਰਝਾਂ ਆ ਆਕੇ,
ਮਾਸ ਏਸ ਦਾ ਖਾਣਗੀਆਂ ਨਾ ।
ਜੱਦ ਤੱਕ ਇਹਦੀ ਬੋਟੀ ਬੋਟੀ,
ਅੰਬਰ ਵਿਚ ਉਡਾਣਗੀਆਂ ਨਾ ।

ਓਦੋਂ ਤੀਕ ਸ਼ਹਾਦਤ ਦੀ ਇਸ,
ਕਦੀ ਨ ਪੂਰੀ ਪਦਵੀ ਪਾਉਣੀ ।
ਓਦੋਂ ਤੱਕ ਨ ਪਿਉ ਦੇ ਦਿਲ ਨੂੰ,
ਪੂਰੀ 'ਮਾਨ' ਤਸੱਲੀ ਆਉਣੀ।

- ੬੧ -