ਪੰਨਾ:ਮਾਲਵੇ ਦੇ ਲੋਕ ਗੀਤ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੈ ਕੇ ਨਾ ਦੇਈਂ ਵੇ, ਕੇਰਾਂ ਸੁਹਣਿਆਂ ਮੁੱਖੋਂ ਕਹਿ ਦੇ।
ਕਸੂਰ ਸ਼ਹਿਰ ਦੀ ਜੁੱਤੀ ਸੁਣੀਂਦੀ ਜੀਵੇਂ ਬੀਬਾ ਸਾਨੂੰ ਲੈ ਦੇ,
ਲੈ ਕੇ ਨਾ ਦੇਈਂ ਵੇ, ਕੇਰਾਂ ਸੁਹਣਿਆਂ ਮੁੱਖੋਂ ਕਹਿ ਦੇ।
ਬਠਿੰਡੇ ਸ਼ਹਿਰ ਦੇ ਨਗ ਵੇ ਬਲੌਰੀ, ਜੀਵੇਂ ਬੀਬਾ ਸਾਨੂੰ ਲੈ ਦੇ,
ਲੈ ਕੇ ਨਾ ਦੇਈਂ ਵੇ, ਕੋਰਾਂ ਸੁਹਣਿਆਂ ਮੁੱਖੋਂ ਕਹਿ ਦੇ।
ਲਾਹੌਰ ਸ਼ਹਿਰ ਦੇ ਮੋਤੀ ਵੇ ਸੁੱਚੇ, ਜੀਵੇਂ ਬੀਬਾ ਸਾਨੂੰ ਲੈ ਦੇ,
ਲੈ ਕੇ ਨਾ ਦੇਈਂ ਵੇ, ਕੇਰਾਂ ਸੁਹਣਿਆਂ ਮੁੱਖੋਂ ਕਹਿ ਦੇ।

33
ਫੁੱਲਾਂ ਬਾਝੋਂ ਨਾ ਵੇਲਾਂ ਸੋਹਣ, ਭਾਂਵੇ ਲੱਖ ਹੋਣ ਹਰੀਆਂ ਭਰੀਆਂ ਵੇ।
ਕੰਤਾਂ ਬਾਝ ਨਾ ਨਾਰਾਂ ਸੋਹਦੀਆਂ, ਭਾਂਵੇ ਹੋਣ ਸੋਨੇ ਵਿੱਚ ਜ਼ੜੀਆਂ ਵੇ।
ਪੁੱਤਾਂ ਬਾਝ ਨਾ ਮਾਵਾਂ ਸੋਭਣ, ਭਾਂਵੇ ਲੱਖ ਦੌਲਤਾਂ ਭਰੀਆਂ ਵੇ।
ਪੱਤਰਾਂ ਬਾਝ ਨਾ ਬਿਰਖਾਂ ਦਾ ਮੁੱਲ ਕੋਈ,
ਭਾਂਵੇ ਟਾਹਣੀਆਂ ਹਰੀਆਂ ਭਰੀਆਂ ਵੇ।
ਥੜ੍ਹਿਆਂ ਬਾਝ ਨਾ ਪਿੱਪਲ ਸੋਂਹਦੇ,ਭਾਂਵੇ ਕਰਨ ਅਸਮਾਨੀ ਗਲੀਆਂ ਵੇ।
ਮਾਂਵਾਂ ਬਾਝੋ ਪੁੱਤਰ ਰੁਲਦੇ ਭਾਂਵੇ ਚਾਚੀਆਂ ਤਾਈਆਂ ਬੜੀਆਂ ਵੇ।
ਹੱਥਾਂ ਵਿੱਚੋਂ ਰੋਟੀ ਕਾਂ ਖੋਹ ਲੈਂਦੇ, ਕੌਣ ਦੇਵੇ ਦਿਲਬਰੀਆਂ ਵੇ।
ਧੀਆਂ ਪੁੱਤਰ ਮਾਪਿਆਂ ਬਾਝੋਂ, ਰੁਲਦੇ ਫਿਰਦੇ ਗਲੀਆਂ ਵੇ।
ਮਾਂਵਾਂ ਧੀਆਂ ਮਿਲਕੇ ਗਾਉਂਦੀਆਂ, ਤਪਦੀਆਂ ਜਿੰਦਾਂ ਠਰੀਆਂ ਵੇ।

34
ਕਾਂਟੇ ਲਿਆਈਂ ਜੀਜਾ, ਕਾਂਟੇ ਲਿਆਈਂ ਸੋਨੇ ਦੇ,
ਨਾਲੇ ਲਿਆਈਂ ਜੀਜਾ ਮਹਾਂ ਜਾਲੀ।
ਸੋਨਾ ਮਹਿੰਗਾ ਸਾਲੀਏ, ਸੋਨਾ ਮਹਿੰਗਾ ਸੁਣੀਦਾ,
ਨਾਲੇ ਮਹਿੰਗੀ ਸੁਣੀਦੀ ਮਹਾਂ ਜਾਲੀ।

44