ਪੰਨਾ:ਮਾਲਵੇ ਦੇ ਲੋਕ ਗੀਤ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿੱਲਤ ਸੀ। ਮੁਟਿਆਰਾਂ ਖੂਹਾਂ ਤੋਂ ਪਾਣੀ ਭਰ ਕੇ ਲਿਜਾਂਦੀਆਂ। ਦੋ-ਦੋ ਘੜੇ ਚੁੱਕ ਕੇ ਤੁਰੀਆਂ ਜਾਂਦੀਆਂ ਨਿੱਤ ਨਵੇਂ ਗੀਤ ਸਿਰਜਦੀਆਂ-

“ਸਿਰ ਮੇਰੇ ਤੇ ਸੱਗੀ ਵੇ,ਮੈਂ ਸੱਗੀ ਭਿੱਜਣ ਤੋਂ ਡਰਦੀ ਵੇ, ਮੇਰੀ ਸੱਸ ਕੁਪੱਤੀ ਲੜਦੀ ਵੇ,ਲੱਜ ਪਤਲੀ ਟੁੱਟਣ ਤੋਂ ਡਰਦੀ ਵੇ,ਮੈਨੂੰ ਇੱਕੋ ਘੜਾ ਭਰ ਲੈਣ ਦਿਓ ਕੁੜੀਓ।” ਮਾਲਵੇ ਦੇ ਇਸ ਇਲਾਕੇ ਦਾ ਪੌਣ-ਪਾਣੀ ਕਠੋਰ ਸੀ। ਪਰ ਇੱਥੋਂ ਦੇ ਲੋਕ, ਖੁੱਲ੍ਹੇ- ਖੁਲਾਸੇ ਸੁਭਾਅ, ਸਾਫ਼ ਦਿਲ, ਕੋਈ ਰੜਕ ਨਾ ਮੜਕ, ਸਾਦੀ ਜਿੰਦਗੀ ਤੇ ਨਿਰਛੱਲ ਹਾਸਿਆਂ ਵਾਲੇ ਜਿੰਦਾ ਦਿਲ ਲੋਕ ਸਨ। ਮਲਵੈਣਾਂ ਦੀ ਤਾਂ ਆਪਣੀ ਵੱਖਰੀ ਪਛਾਣ ਹੈ—

“ਜੁੱਤੀ ਨੋਕਦਾਰ ਪਾਉਣ, ਸ਼ੀਸ਼ੇ ਕੁੜਤੀ ਨੂੰ ਲਾਉਣ,ਲੈਣ ਫੁਲਕਾਰੀਆਂ, ਮਾਲਵੇ ‘ਚ ਰਹਿੰਦੀਆਂ ਸ਼ੌਕੀਨ ਨਾਰੀਆਂ।”

ਮੇਰੀ ਬੀਬੀ (ਮਾਂ) ਸੁਰਜੀਤ ਕੌਰ ਵੀ ਇਸ ਇਲਾਕੇ ਦੀ ਜੰਮਪਲ ਸੀ। ਵੱਡੇ ਜਿਗਰੇ ਵਾਲੀ ਪੁੱਤਾਂ-ਧੀਆਂ ਦੇ ਸਾਹੀਂ ਜਿਉਣ ਵਾਲੀ, ਮਮਤਾ ਦੀ ਮੂਰਤ,ਗੁਰੂ- ਘਰ ਵਿੱਚ ਅਥਾਂਹ ਵਿਸ਼ਵਾਸ਼ ਰੱਖਣ ਵਾਲੀ ਰਹਿਮ ਦਿਲ ਔਰਤ। ਲੋਕ-ਗੀਤ ਉਸਦੇ ਦਿਲ ਜਿਗਰ ਵਿੱਚ ਵਸੇ ਹੋਏ ਸਨ। ਲੰਮੀਆਂ ਹੇਕਾਂ ਵਾਲੇ ਗੀਤ ਗਾਉਂਦੀ ਮਾਂ ਦੀ ਸੋਜ ਭਰੀ ਆਵਾਜ਼ ਅਤੇ ਅੰਤਰਾ ‘ਵੇ ਹੇ’ ਜਿਵੇਂ ਧੁਰ ਅੰਦਰ ਤੱਕ ਲਹਿ ਜਾਂਦਾ ਸੀ। ਮੈਂ ਬਚਪਨ ਤੋਂ ਹੀ ਉਸਦੇ ਇਹਨਾਂ ਗੀਤਾਂ ਦੀ ਪ੍ਰਸੰਸਕ ਹਾਂ। ਇਹ ਗੀਤ ਮੈਨੂੰ ਬੇਹੱਦ ਦਿਲਚਸਪ ਤੇ ਮਨ ਨੂੰ ਹੁਲਾਰਾ ਦੇਣ ਵਾਲੇ ਲਗਦੇ ਹਨ। ਮੈਂ ਇਹਨਾਂ ਗੀਤਾਂ ਨੂੰ ਗਾਉਣਾ ਸਿੱਖਿਆ, ਪ੍ਰਪੱਕਤਾ ਹਾਸਿਲ ਕੀਤੀ ਅਤੇ ਸੋਚਿਆ ਕਿ ਮਾਲਵੇ ਦੇ ਇਸ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਕਿਤਾਬੀ ਰੂਪ ਦਿੱਤਾ ਜਾਵੇ। ਬੀਬੀ ਦੀ ਆਵਾਜ਼ ਬੜੀ ਹੀ ਸੁਰੀਲੀ ਸੀ। ਕਈ ਵਾਰ ਚਰਖਾ ਡਾਹ ਕੇ ਬੈਠੀ ਹੁੰਦੀ ਤਾਂ ਗੁਣ-ਗੁਣਾ ਰਹੀ ਹੁੰਦੀ-

“ਸੱਸ ਲੜਦੀ ਜਠਾਣੀ ਗੁੱਤ ਪੱਟਦੀ ਵੇ ਮੇਰਾ ਨਾ ਵਸੇਬਾ ਬਾਬਲਾ"

ਕਈ ਵਾਰ ਸਿਲਾਈ ਮਸ਼ੀਨ ਤੇ ਬੈਠੀ ਕੋਈ ਕੱਪੜਾ ਸਿਓਂ ਰਹੀ ਹੁੰਦੀ ਤਾਂ ਭਰਾਵਾਂ ਦੀ ਸੁੱਖ ਮੰਗਦੀ-

“ਵੇ ਮੈਂ ਬਰਮਾ ਪੂਜ ਕੇ ਆਈ,ਵੀਰਾ ਤੇਰੀ ਜੜ ਲੱਗ ਜੇ"।

ਜਦੋਂ ਵੀ ਉਸਦਾ ਦਿਲ ਸੁਖਾਲਾ ਹੁੰਦਾ,ਉਦੋਂ ਕੁੱਝ ਨਾ ਕੁੱਝ ਗਾਉਂਦੀ ਰਹਿੰਦੀ। ਇਸ ਤਰਾਂ ਇਹ ਲੰਮੀਆਂ ਹੇਕਾਂ ਵਾਲੇ ਗੀਤ ਮੈਨੂੰ ਵਿਰਾਸਤ ਵਿੱਚ ਮਾਂ ਦੀ ਨਿਸ਼ਾਨੀ ਵਜੋਂ ਮਿਲੇ। ਚਾਲੀ ਪੰਜਾਹ ਸਾਲ ਪਹਿਲਾਂ ਪਿੰਡ ਵਿੱਚ ਭਾਈਚਾਰਕ ਸਾਂਝ ਸੀ। ਸਾਰੇ ਪਿੰਡ ਦੇ ਸੁੱਖ-ਦੁੱਖ,ਵਿਆਹ-ਸ਼ਾਦੀਆਂ, ਮਰਨੇ-ਪਰਨੇ ਲੋਕ ਰਲ ਮਿਲ ਕੇ ਹੰਢਾਉਂਦੇ ਸਨ।

                 9