ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਿੰਦਗੀ ਨੂੰ ਵਰਨ ਦਾ ਇਲਜ਼ਾਮ ਮੇਰੇ ਨਾਂ ਕਰੋ।
ਮਾਂਗ ਸੁੰਨੀ ਭਰਨ ਦਾ ਇਲਜ਼ਾਮ ਮੇਰੇ ਨਾਂ ਕਰੋ।

ਉਹਦਿਆਂ ਨੈਣਾਂ 'ਚ ਗੁੰਮੇਂ ਸ਼ਾਇਦ ਮੇਰੇ ਖ੍ਵਾਬ ਹੋਣ,
ਇਹ ਸਮੁੰਦਰ ਤੁਰਨ ਦਾ ਇਲਜ਼ਾਮ ਮੇਰੇ ਨਾਂ ਕਰੋ।

ਝੀਲ ਹੈ ਨੀਲੀ ਬਲੌਰੀ, ਪਾਰਦਰਸ਼ੀ ਨੀਰ ਵੇਖ,
ਸਰਦ ਹਾਉਕੇ ਭਰਨ ਦਾ ਇਲਜ਼ਾਮ ਮੇਰੇ ਨਾਂ ਕਰੋ।

ਵੇਖ ਲੈ ਨਿਰਵਸਤਰੀ ਹੈ, ਜਾਗਦੀ ਮੇਰੀ ਜ਼ਮੀਰ,
ਏਸ ਖ਼ਾਤਰ ਮਰਨ ਦਾ ਇਲਜ਼ਾਮ ਮੇਰੇ ਨਾਂ ਕਰੋ।

ਮੈਂ ਭਲਾ ਕਰਦਾ ਕਿਉਂ ਸੌਦਾਗਰੀ ਜੀ ਅਣਖ਼ ਨਾਲ,
ਜਿੱਤੀ ਬਾਜ਼ੀ ਹਰਨ ਦਾ ਇਲਜ਼ਾਮ ਮੇਰੇ ਨਾਂ ਕਰੋ।

ਮੈਂ ਕਲਾਵੇ ਭਰ ਰਿਹਾਂ ਹਾਂ, ਬਿਨ ਮਿਲੇ ਤੋਂ ਵੇਖ ਲਉ,
ਇਹ ਗੁਨਾਹ ਵੀ ਕਰਨ ਦਾ ਇਲਜ਼ਾਮ ਮੇਰੇ ਨਾਂ ਕਰੋ।

ਕਸਕ ਉੱਠਦੀ ਹੈ ਕਲੇਜੇ, ਕਰਕ ਜਾਵੇ ਆਰ ਪਾਰ,
ਹੁਕ ਦਿਲ ਦੀ ਜਰਨ ਦਾ ਇਲਜ਼ਾਮ ਮੇਰੇ ਨਾਂ ਕਰੋ।

ਮਿਰਗਾਵਲੀ-103