ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਿੰਦਗੀ ਦੇ ਸਾਜ਼ ਨੂੰ ਸੁਰ ਕਰਦਿਆਂ ਗੁਜ਼ਰੀ ਏ ਰਾਤ।
ਅੱਖ ਉਲਝੀ ਜ਼ੁਲਫ਼ ਉੱਤੇ ਧਰਦਿਆਂ ਗੁਜ਼ਰੀ ਏ ਰਾਤ।

ਮੁੱਦਤਾਂ ਪਹਿਲਾਂ ਮਿਲੇ ਸੀ ਪੱਤਣਾਂ ਤੇ ਜਿਸ ਤਰ੍ਹਾਂ,
ਮਹਿਕਦੇ ਓਸੇ ਸਰਾਂ ਵਿਚ ਤਰਦਿਆਂ ਗਜ਼ਰੀ ਏ ਰਾਤ।

ਅਗਨ ਦਾ ਬਿਸਤਰ ਵਿਛਾਉਣਾ ਬਣ ਗਿਆ ਤੂੰ ਵੇਖਦੀ,
ਪਰਤਦਾ ਪਾਸੇ ਰਿਹਾਂ ਇਉਂ ਮਰਦਿਆਂ ਗੁਜ਼ਰੀ ਏ ਰਾਤ।

ਹੋਠ ਤਾਂ ਸੁੱਚੇ ਸੀ ਮੇਰੇ ਤੇਰੀ ਰੂਹ ਦੀ ਪਿਆਸ ਵਾਂਗ,
ਫੇਰ ਕਿਸ ਤੋਂ ਇਹ ਭਲਾ ਕਿਉਂ ਡਰਦਿਆਂ ਗੁਜ਼ਰੀ ਏ ਰਾਤ।

ਧਰਮ ਤੇ ਇਖ਼ਲਾਕ ਦੇ ਸ਼ੀਸ਼ੇ 'ਚ ਕੋਈ ਹੋਰ ਕਿਉਂ,
ਆਪਣੇ ਹੱਥੋਂ ਹੀ ਚਾਬਕ ਜਰਦਿਆਂ ਗੁਜ਼ਰੀ ਏ ਰਾਤ।

ਭਰਮ ਸੀ ਮਿੱਠਾ ਜਿਹਾ ਜਾਂ ਸੀ ਹਕੀਕਤ ਕੀ ਪਤਾ,
ਚਾਨਣੀ ਦੀ ਰਿਸ਼ਮ ਨੂੰ ਹੀ ਵਰਦਿਆਂ ਗੁਜ਼ਰੀ ਏ ਰਾਤ।

ਮੈਂ ਤੇਰੇ ਵਾਲਾਂ 'ਚ ਗੁੱਦਾਂ ਤਾਰਿਆਂ ਦੀ ਕਹਿਕਸ਼ਾਂ,
ਇਸ ਤਰ੍ਹਾਂ ਦੇ ਖ੍ਵਾਬ ਪੂਰੇ ਕਰਦਿਆਂ ਗੁਜ਼ਰੀ ਏ ਰਾਤ।

ਮਿਰਗਾਵਲੀ-102