ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰੇ ਰਘੁਬੀਰ ਸਿੰਘ ਘੁੰਨ ਦੇ ਨਾਂ....

ਕਾਲੀ ਬੋਲੀ ਰਾਤ ਸਿਰਾਂ ਤੇ, ਦੀਵਾ ਬਾਲ ਬਨੇਰੇ ਧਰੀਏ।
ਚੁੱਪ ਦੇ ਜੰਦਰੇ ਤੋੜਨ ਖ਼ਾਤਰ, ਆ ਜਾ ਰਲ ਕੇ ਕੁਝ ਤਾਂ ਕਰੀਏ।

ਸਾਡੇ ਸੁਪਨੇ ਚੁਗਣ ਮਸ਼ੀਨਾਂ, ਦਿਨ ਤੇ ਰਾਤ ਚੌਂਕਦੇ ਪਹੀਏ,
ਜਿਥੇ ਕਿਧਰੇ ਮਹਿਕ ਗੁਆਚੀ, ਆ ਜਾ ਖ਼ਾਲੀ ਥਾਵਾਂ ਭਰੀਏ।

ਕਰ ਨਾ ਮਾਨ ਸਰੋਵਰ ਸੱਖਣਾ, ਮਾਰ ਉਡਾਰੀ ਆ ਜਾ ਕਿਤਿਉਂ,
ਹੰਸਣੀਆਂ ਤੇ ਹੰਸਾਂ ਖਾਤਰ, ਚੋਗਾ ਸੁੱਚੇ ਮੋਤੀ ਧਰੀਏ।

ਸਾਥ ਦਏਂ ਤਾਂ ਪਾਰ ਕਰ ਦਿਆਂ, ਸੱਤੇ ਸਾਗਰ ਇੱਕੋ ਤਾਰੀ,
ਭਵ-ਸਾਗਰ ਤੋਂ ਡਰਦੇ ਲੋਕੀਂ, ਪੁੱਛੀ ਜਾਵਣ ਹੁਣ ਕੀ ਕਰੀਏ।

ਤੇਰੇ ਰੰਗਾਂ ਵਿਚੋਂ ਮੈਂ ਵੀ, ਇੱਕ ਅੱਧ ਰਿਸ਼ਮ ਉਧਾਰੀ ਚਾਹੁੰਨਾਂ,
ਨੀ ਸਤਰੰਗੀਏ ਅੰਬਰੀਂ ਪੀਂਘ, ਨੀ ਖਾਬਾਂ ਦੀ ਔੜ ਪਰੀਏ।

ਥਕ ਜਾਂਦੇ ਹਾਂ ਸੁਣਦੇ ਸੁਣਦੇ ਰਾਗ ਰਬਾਬ ਕਿਤਾਬ ਪੜ੍ਹਦਿਆਂ,
ਸ਼ਬਦ-ਬਗੀਚੀ ਦੇ ਫੁੱਲ ਮਹਿਕਣ, ਸੁੰਘਣ ਤੋਂ ਕਿਉਂ ਆਪਾਂ ਡਰੀਏ।

ਇਹ ਧਰਤੀ ਸੀ ਗਿਆਨ ਪੰਘੂੜਾ, ਮੱਥੇ ਊੜਾ ਸਿਰ ਤੇ ਜੂੜਾ,
ਦੇਸ ਦੁਆਬਾ, ਧਰਤ ਮਾਲਵਾ, ਸਮਝਣ ਕਿਉਂ ਨਾ ਅੰਬਰਸਰੀਏ।

ਮਿਰਗਾਵਲੀ-101