ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡੋਰ ਨਾ ਬੰਨ੍ਹੀਂ ਕਦੇ ਮੇਰੇ ਪਰਾਂ ਨੂੰ।
ਜਾਣ ਦੇਹ ਮੈਂ ਪਾਰ ਕਰਨਾ ਸਾਗਰਾਂ ਨੂੰ।

ਪਾਲਤੂ ਤਾਰੀਖ਼ ਨਾ ਹੁੰਦੀ ਕਦੇ ਵੀ,
ਕੌਣ ਦੇਵੇ ਸਬਕ ਹੁਣ ਇਹ ਕਾਫ਼ਰਾਂ ਨੂੰ।

ਨਿਰਭਉ, ਨਿਰਵੈਰ, ਸਾਡਾ ਮੂਲ ਮੰਤਰ,
ਮਨ ਚੋਂ ਬਾਹਰ ਨੂੰ ਹੂੰਝ ਦੇ ਸਾਰੇ ਡਰਾਂ ਨੂੰ।

ਭਰ ਕਲ਼ਾਵੇ ਧਰਤ ਅੰਬਰ ਘੇਰ ਨਾ ਤੂੰ,
ਇੱਕ ਮੁੱਠੀ ਰਾਖ਼ ਬਚਣੀ ਆਖ਼ਰਾਂ ਨੂੰ।

ਮਾਰਿਆਂ ਮਰਦੇ ਕਦੇ ਨਾ ਸੂਰਮੇ ਜੀ,
ਸਮਝ ਕਿਉਂ ਆਉਂਦੀ ਨਹੀਂ ਇਹ ਜਾਬਰਾਂ ਨੂੰ।

ਧੁੱਪ, ਕਿਰਨਾਂ, ਸੇਕ ਤੇ ਆਹ ਪਹੁ-ਫੁਟਾਲਾ,
ਸਾਂਭ ਲੈ ਸੂਰਜ ਦੀਆਂ ਸਭ ਕਾਤਰਾਂ ਨੂੰ।

ਕਿਉਂ ਭਲਾ ਹੁਣ ਸਾਦਗੀ ਨੂੰ ਮੈਂ ਗੁਆਵਾਂ,
ਜਿੰਦ ਕਿਉਂ ਗਹਿਣੇ ਧਰਾਂ ਮੈਂ ਚਾਤਰਾਂ ਨੂੰ।

ਮਿਰਗਾਵਲੀ-100