ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਹਿੰਗੇ ਵਸਤਰ, ਸੋਨਾ, ਗਹਿਣੇ, ਰੰਗ ਬਰੰਗਾ ਜਾਲ ਕੁੜੇ।
ਕਿੱਥੇ ਉਲਝੀ ਨਜ਼ਰ ਨੂਰਾਨੀ, ਭੁੱਲ ਗਈ ਅਸਲੀ ਚਾਲ ਕੁੜੇ।

ਸੱਚ ਦੇ ਨਾਲ ਦੂਰ ਦਾ ਰਿਸ਼ਤਾ, ਤਨ ਦਾ ਵੀ ਤੇ ਮਨ ਦਾ ਵੀ,
ਸਿਰਫ਼ ਇਕੱਲੀ ਜੀਭ ਕਰੇ ਕਿੰਜ, ਨਦਰੀ ਨਦਰਿ ਨਿਹਾਲ ਕੁੜੇ।

ਨਰਮੇ ਪਿੱਛੋਂ ਬਾਸਮਤੀ ਤੇ ਉਸ ਤੋਂ ਮਗਰੋਂ ਘਰ ਦੇ ਜੀਅ,
ਮੰਡੀ ਦੇ ਵਿਚ ਰੁਲਦਾ ਫਿਰਦਾ ਸਾਡਾ ਮਹਿੰਗਾ ਮਾਲ ਕੁੜੇ।

ਨਾਗਣੀਆਂ ਤੇ ਸਰਪ ਖੜੱਪੇ, ਵੇਖ ਕਿਵੇਂ ਨੂੰ ਫ਼ੁੰਕਾਰ ਰਹੇ,
ਬੀਨਾਂ ਵਾਲੇ ਜੋਗੀ ਵੀ ਕਿਉਂ, ਰਲ ਗਏ ਇਨ੍ਹਾਂ ਨਾਲ ਕੁੜੇ।

ਮੰਡੀ ਦੇ ਵਿਚ ਧਰ ਕੇ ਵੇਚਣ ਧਰਮ ਸਿਆਸਤ ਇੱਕੋ ਭਾਅ,
ਸਾਨੂੰ ਆਖਣ ਪੈ ਚੱਲਿਆ ਏ ਸ਼ਰਮ ਸ਼ਰ੍ਹਾਂ ਦਾ ਕਾਲ ਕੁੜੇ।

ਬਾਗਬਾਨ ਬਦਨੀਤੇ ਹੋ ਗਏ, ਧਰਮੀ ਬਾਬਲ ਡੋਲ ਗਏ,
ਚੋਰ ਲੁਟੇਰੇ ਬੈਠ ਗਏ ਨੇ ਹਰ ਪੱਤੀ ਹਰ ਡਾਲ ਕੁੜੇ।

ਧੌਲ ਧਰਮ ਦੇ ਸਿਰ ਤੋਂ ਧਰਤੀ, ਡੋਲ ਰਹੀ ਮਹਿਸੂਸ ਕਰਾਂ,
ਬਾਬਰ ਵਾਣੀ ਫਿਰ ਗਈ ਤਾਹੀਓਂ ਗਲ ਵਿਚ ਉਲਝੇ ਵਾਲ ਕੁੜੇ।

ਮਿਰਗਾਵਲੀ-99