ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨ ਵਿੱਚ ਆਵੇ ਜਾਂ ਫਿਰ ਆਵੇ ਧਰਤੀ ਹੇਠ ਭੂਚਾਲ ਬਈ।
ਇੱਕੋ ਜਿੰਨਾ ਕਰ ਦੇਂਦਾ ਹੈ, ਜੀਅ ਤੇ ਜਾਨ ਹਲਾਲ ਬਈ।

ਸਦੀਆਂ ਤੋਂ ਹੀ ਮਾਨਵਤਾ ਤੇ ਦਾਨਵਤਾ ਦਾ ਰੌਲਾ ਹੈ,
ਇਸ ਦੀ ਅਸਲ ਗਵਾਹੀ ਤੱਕ ਤੂੰ, ਧਰਤੀ ਲਾਲੋ ਲਾਲ ਬਈ।

ਮੈਂ ਅੰਬਰ ਨੂੰ ਪੌੜੀ ਲਾਈ, ਤਾਰੇ ਤੋੜੇ, ਜੀਅ ਭਰ ਕੇ,
ਜਾਗੀ ਅੱਖ ਤੇ ਸਮਝ ਗਿਆ ਮੈਂ, ਇਹ ਸੀ ਖੂਬ ਖ਼ਿਆਲ ਬਈ।

ਮੇਰੇ ਪਿੰਡ ਦੀ ਕੱਚੀ ਫਿਰਨੀ, ਘਰ ਦੇ ਅੱਗੇ ਛੱਪੜ ਸੀ,
ਲੁਧਿਆਣੇ, ਅਮਰੀਕਾ ਵਿਚ ਉਹ ਤੁਰਦਾ ਨਾਲੋਂ ਨਾਲ ਬਈ।

ਦੋਸ਼ਵਾਨ ਨੇ ਛਤਰੀ ਥੱਲੇ, ਬੇਦੋਸ਼ੇ ਨੂੰ ਸਖ਼ਤ ਸਜ਼ਾ,
ਧਰਤੀ ਉੱਤੇ ਆ ਕੇ ਮੌਲਾ, ਵੇਖ ਹਮਾਰਾ ਹਾਲ ਬਈ।

ਬੇਸੁਰਿਆਂ ਦੇ ਹੱਥ ਵਿਚ ਆਈਆਂ ਬੀਨਾਂ ਨਾਲੇ ਬੰਸਰੀਆਂ,
ਜ਼ਿੰਦਗੀ ਉੱਖੜੀ ਉੱਖੜੀ ਤਾਂਹੀਓਂ, ਸੁਰ ਤੇ ਨਾ ਹੈ ਤਾਲ ਬਈ।

ਇਹ ਦੀਵੇ ਜੋ ਮਿੱਟੀ ਵਾਲੇ, ਲੈ ਲੈ ਕਰਦੇਂ ਆਰਤੀਆਂ,
ਵੇਖ ਲਿਆ ਕਰ ਅੰਬਰ ਉੱਤੇ, ਰੌਸ਼ਨੀਆਂ ਦਾ ਥਾਲ ਬਈ।

ਮਿਰਗਾਵਲੀ-98