ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਨੈਣਾਂ ਸੁਪਨਾ ਬਣ ਜਾਂ, ਡੁੱਬਦਾ ਤਰਦਾ।
ਸੱਜਣਾਂ ਪਾਸ ਰਹਿਣ ਲਈ ਬੰਦਾ ਕੀ ਨਹੀਂ ਕਰਦਾ।

ਮਿਸ਼ਰੀ ਵਾਂਗੂੰ ਘੁਲ ਗਈ ਮੇਰੇ ਸਾਹਾਂ ਅੰਦਰ,
ਕਿੰਜ ਰੁੱਖਾਂ ਨੂੰ ਜਿੰਦੜੀਏ, ਹੁਣ ਤੈਥੋਂ ਪਰਦਾ।

ਸੱਚ ਪੁੱਛੇਂ ਤਾਂ ਤਪਦਾ ਤਨ ਤੰਦੁਰ ਦੇ ਵਾਂਗੂੰ,
ਦੀਦ ਤੇਰੀ ਦੇ ਬਾਥੋਂ ਲੱਗਦੈ, ਇਹ ਨਹੀਂ ਠਰਦਾ।

ਬੋਲ ਪਿਆ ਕਰ ਫੁੱਲ, ਪੱਤੀਆਂ ਖੁਸ਼ਬੋਈਆਂ ਵਾਂਗੂੰ,
ਜਾਂ ਇੱਕ ਵਾਰੀ ਕਹਿ ਦੇ, ਮੇਰਾ ਜੀ ਨਹੀਂ ਕਰਦਾ।

ਚੱਲ ਜਿਸਮਾਂ ਤੋਂ ਪਾਰ ਦੇਸ ਦੇ ਵਾਸੀ ਬਣੀਏ,
ਮਹਿਕ ਜਿਹਾ ਲਟਬੌਰਾ ਰਿਸ਼ਤਾ ਕਦੇ ਨਾ ਮਰਦਾ।

ਦਿਲ ਦੀ ਬਾਤ ਸੁਣਨ ਦਾ ਤੇਰੇ ਕੋਲ ਸਮਾਂ ਨਹੀਂ,
ਭੁੱਲ ਨਾ ਜਾਵੀਂ, ਵਕਤ ਉਡੀਕ ਕਦੇ ਨਹੀਂ ਕਰਦਾ।

ਮੇਰੇ ਅੰਦਰ ਸ਼ੋਰ ਬੜਾ ਹੈ ਬੇ ਤਰਤੀਬਾ,
ਖ਼ਵਰੇ ਏਨਾ ਕਿਉਂ ਹੈ, ਤੇਰੀ ਚੁੱਪ ਤੋਂ ਡਰਦਾ।

ਮਿਰਗਾਵਲੀ-97