ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਖ ਲਉ ਤਾਰੀਖ਼ ਕੀਹ ਕੀਹ ਕਾਰਨਾਮੇ ਕਰ ਗਈ।
ਮਾਣ ਮੱਤੀ ਧਰਤ 'ਚੋਂ ਗੈਰਤ ਜਿਉਂਦੀ ਮਰ ਗਈ।

ਧਰਤੀਆਂ ਤੇ ਮਰਦ-ਬੱਚੇ ਸਿਰਜਦੇ ਇਤਿਹਾਸ ਨੂੰ,
ਜਿਸਮ ਤਾਂ ਮਿੱਟੀ ਨਿਰੀ ਜੇ ਅਣਖ਼ ਵਿਚੋਂ ਠਰ ਗਈ।

ਹੋਰ ਕਿੰਨੀ ਦੇਰ ਹਾਲੇ ਰਾਜ ਕਰਨਾ ਹੈ ਜਨਾਬ,
ਪਾਪ ਦੀ ਗਾਗਰ ਤੇ ਗਲਮੇ ਤੀਕਰਾਂ ਹੈ ਭਰ ਗਈ।

ਵੇਖ ਤੂੰ ਬਰਸਾਤ ਕਿੱਦਾਂ, ਰਾਤ ਭਰ ਵਰ੍ਹਦੀ ਰਹੀ,
ਦਿਨ ਚੜ੍ਹੇ ਟੋਏ ਤੇ ਟਿੱਬੇ, ਸਭ ਬਰਾਬਰ ਕਰ ਗਈ।

ਵੇਖਿਉ ਪੰਜਾਬ ਨਾ ਮੁੜ ਅਗਨ-ਭੇਟਾ ਕਰ ਦਿਉ,
ਸਾਜ਼ਿਸ਼ੀ ਬਦ-ਜ਼ਾਤ ਹੈ ਚੌਕਾਂ 'ਚ ਟੂਣੇ ਕਰ ਗਈ।

ਗਾਫ਼ਲੀ ਦਾ ਇਹ ਨਤੀਜਾ ਭੁਗਤਿਆ ਤੇ ਭੁਗਤਣਾ,
ਕੂਕਿਆਂ ਦੇ ਡੋਲ ਵਾਂਗੂੰ ਮਾਂਜ ਸਾਨੂੰ ਧਰ ਗਈ।

ਕੌਮ ਨੂੰ ਇਤਿਹਾਸ ਤੋਂ ਵਾਕਿਫ਼ ਕਰਾਉਣਾ ਧਰਮ ਹੈ,
ਫੇਰ ਨਾ ਕਹਿਣਾ ਸਿਆਸਤ ਸਾਨੂੰ ਗੁੰਮਰਾਹ ਕਰ ਗਈ।

ਮਿਰਗਾਵਲੀ-96