ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰੀ ਜੀਵਨ ਸਾਥਣ ਜਸਵਿੰਦਰ ਕੌਰ ਦੇ ਨਾਂ....

ਨਜ਼ਰ ਤੇਰੀ ਦੀ ਇਨਾਇਤ, ਵੇਖ ਕੀ ਕੁਝ ਕਰ ਗਈ।
ਬਿਰਖ਼ ਸੁੱਕਾ ਫੁੱਟਿਆ, ਹਰ ਟਾਹਣ ਫੁੱਲੀਂ ਭਰ ਗਈ।

ਲੋਕ ਮਰਦੇ ਰੋਜ਼ ਏਥੇ ਧਰਤ ਅੰਬਰ ਵਾਸਤੇ,
ਮੁਸਕਣੀ ਤੇਰੀ ਕਿਵੇਂ ਮੈਨੂੰ ਸਿਕੰਦਰ ਕਰ ਗਈ।

ਐ ਹਵਾ ਤੈਨੂੰ ਭਲਾ ਕੀ ਇਲਮ ਮੇਰੇ ਤਾਣ ਦਾ,
ਲਿਫ਼ਣ ਦਾ ਇਹ ਅਰਥ ਨਾ ਲੈ, ਟਾਹਣ ਤੈਥੋਂ ਡਰ ਗਈ।

ਰਾਤ ਨੂੰ ਇਹ ਭਰਮ ਹੈ ਕਿ ਮੈਂ ਹਰਾਈ ਚਾਨਣੀ,
ਉਹ ਤਾਂ ਕੁਝ ਪਲ ਵਾਸਤੇ ਹੀ ਦੂਸਰੇ ਹੈ ਘਰ ਗਈ।

ਜੀਅ ਤੇ ਕਰਦੈ ਬਹੁਤ ਵਾਰੀ, ਕਹਿ ਦਿਆਂ ਦਿਲ ਖੋਲ੍ਹ ਕੇ,
ਅਸਲ ਦੱਸਾਂ, ਹੁਣ ਤੇ ਰਹਿੰਦੀ ਤਲਬ ਵੀ ਹੈ ਮਰ ਗਈ।

ਮੈਂ ਤੇ ਅਕਸਰ ਸੋਚਦਾਂ ਨੂੰ ਹਿੰਮਤੀ ਫ਼ੌਲਾਦ ਹੈਂ,
ਹਾਦਸੇ ਦਰ ਹਾਦਸੇ ਤੂੰ ਹੱਸ ਕੇ ਸਭ ਜਰ ਗਈ।

ਉਹ ਤਾਂ ਸੂਰਜ ਹੈ ਨਿਰੰਤਰ ਜਗ ਰਿਹਾ ਤੇ ਮਘ ਰਿਹਾ,
ਮੌਤ ਰਾਣੀ ਨੂੰ ਭੁਲੇਖਾ ਓਸ ਨੂੰ ਹੈ ਵਰ ਗਈ।

ਮਿਰਗਾਵਲੀ-95