ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੁਕੜੇ ਟੁਕੜੇ ਦਿਲ ਦੇ ਵਰਕੇ ਜੋੜੋਗੇ ਤਾਂ ਜਾਣ ਲਵੋਗੇ।
ਅਸਲ ਇਬਾਰਤ ਕੀ ਕਹਿੰਦੀ ਹੈ, ਖ਼ਦ ਆਪੇ ਪਹਿਚਾਣ ਲਵੋਗੇ।

ਬੰਸਰੀਆਂ ਦੇ ਪੋਰ ਪੂਰਨੇ, ਛੱਡ ਦਿਉ ਇਹ ਸ਼ੌਕ ਅਵੱਲਾ,
ਇਨ੍ਹਾਂ ਅੰਦਰ ਦਰਦ ਸਦੀਵੀ, ਸਾਹ ਰੋਕੋਗੇ, ਮਾਣ ਲਵੋਗੇ।

ਸੂਰਜ ਦੀ ਧੁੱਪ ਤੇਜ਼ ਨਾ ਲੱਗਦੀ, ਜੇ ਬਿਰਖਾਂ ਦੀ ਛਤਰੀ ਹੋਵੇ,
ਇਸ ਧਰਤੀ ਨੂੰ ਘੋਨਾ ਕਰਕੇ, ਕਿਸ ਨੂੰ ਸਿਰ ਤੇ ਤਾਣ ਲਵੋਗੇ।

ਖੁੰਢੀ ਸੋਚ ਅਤੇ ਕਿਰਪਾਨਾਂ, ਤਿੱਖੀਆਂ ਕਰੋ ਤਰੀਕਾ ਦੱਸਦਾਂ,
ਕਲਮ, ਕਿਤਾਬ, ਰਬਾਬ ਦੀ ਸ਼ਕਤੀ, ਸਮਝੋਗੇ ਜਦ ਸਾਣ ਲਵੋਗੇ।

ਇੱਲ ਤੇ ਬਾਜ਼ ਸ਼ਕਲ ਤੋਂ ਇੱਕੋ, ਪਰ ਦੋਹਾਂ ਵਿਚ ਫ਼ਰਕ ਪਛਾਣੋ,
ਜਾਣ ਲਵੋਗੇ ਆਪੇ ਜਦ ਵੀ, ਤਾਰਿਆਂ ਤੀਕ ਉਡਾਣ ਲਵੋਗੇ।

ਇਸ ਧਰਤੀ ਦੀ ਅਸਲ ਲਿਆਕਤ, ਛੱਡੀ ਫਿਰੀਏ, ਸਮਝੋਗੇ ਕਦ,
ਕਿੰਨੀ ਅਗਨ ਮੁਹਾਵਰਿਆਂ ਵਿਚ, ਸੁਣ ਫਿਰ ਜਦੋਂ ਅਖਾਣ ਲਵੋਗੇ।

ਸੂਰਮਿਆਂ ਦੀ ਮਿੱਟੀ ਵੱਖਰੀ, ਵਕਤ ਹਮੇਸ਼ ਸੰਭਾਲ ਕੇ ਰੱਖਦਾ,
ਦੁੱਲਾ, ਬੁੱਲਾ, ਭਗਤ, ਸਰਾਭਾ, ਮਿਲਦੇ ਹੀ ਇਹ ਜਾਣ ਲਵੋਗੇ।

ਮਿਰਗਾਵਲੀ-94