ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ੁਸ਼ਬੂ, ਚਾਰ ਚੁਫ਼ੇਰੇ ਖ਼ੁਸ਼ਬੂ, ਰੂਹ ਤੋਂ ਰੂਹ ਵਿਚਕਾਰ ਫ਼ਾਸਲਾ।
ਜਿਉਂ ਰਿਸ਼ਮਾਂ ਤੇ ਚੰਨ ਦੇ ਅੰਦਰ, ਹੁੰਦਾ ਨਹੀਂ ਵਿਚਕਾਰ ਫ਼ਾਸਲਾ।

ਯਾਦ ਕਰਾਂ ਨੂੰ ਸਨਮੁਖ ਹੋਵੇਂ, ਸਗਵੀਂ ਸਾਲਮ ਸਾਬਤ ਸੂਰਤ,
ਅੱਖੀਆਂ ਖੋਲਾਂ ਨਜ਼ਰ ਨਾ ਆਵੇਂ, ਦੋ ਸਾਹਾਂ ਵਿਚਕਾਰ ਫ਼ਾਸਲਾ।

ਪੋਲੇ ਪੋਲੇ ਪੋਲੇ ਕਦਮੀਂ, ਇਉਂ ਲੱਗਦਾ ਜਿਉਂ ਤਰੇ ਚਾਨਣੀ,
ਕਿਉਂ ਟੁੱਟ ਜਾਂਦਾ ਸੁਪਨੇ ਵਾਂਗੂੰ, ਇਹ ਰਾਹਾਂ ਵਿਚਕਾਰ ਫ਼ਾਸਲਾ।

ਕਿਉਂ ਮਿਲੀਏ ਜਿਉਂ ਧਰਤੀ ਅੰਬਰ, ਦੁਰ ਦੋਮੇਲ 'ਚ ਤਰਸ ਰਹੇ ਨੇ,
ਮਿਟਦਾ ਕਿਉਂ ਨਹੀਂ ਤੈਥੋਂ ਮੈਥੋਂ, ਦੋ ਬਾਹਾਂ ਵਿਚਕਾਰ ਫ਼ਾਸਲਾ।

ਆ ਜਾ ਰਲ ਕੇ ਖਿੜੀਏ, ਹੱਸੀਏ, ਦਿਲ ਦੀ ਸੁਣੀਏ, ਆਪਣੀ ਦੱਸੀਏ,
ਵੇਖੀਂ ਕਿੱਦਾਂ ਮਿਟ ਜਾਵੇਗਾ, ਦੋ ਨਾਵਾਂ ਵਿਚਕਾਰ ਫ਼ਾਸਲਾ।

ਖੜ੍ਹੇ ਅਜੇ ਹਾਂ ਆਪਣੀ ਥਾਵੇਂ, ਮੈਂ ਹਾਂ ਧੁੱਪੇ ਤੂੰ ਹੈਂ ਛਾਵੇਂ,
ਧੁੱਪ ਦੀ ਬੁੱਕਲ ਮਾਰ ਮਿਟਾ ਦੇ, ਦੋ ਛਾਵਾਂ ਵਿਚਕਾਰ ਫ਼ਾਸਲਾ।

ਸੱਤ ਸਮੁੰਦਰ ਡੂੰਘੀਆਂ ਅੱਖਾਂ, ਜਿਥੇ ਨੂਰ ਛੁਪਾ ਕੇ ਰੱਖਿਆ,
ਧੜਕਣ ਵਿਚ ਪਰੋ ਲੈ, ਮਿਟ ਜੇ, ਇਹ ਚਾਵਾਂ ਵਿਚਕਾਰ ਫ਼ਾਸਲਾ।

ਮਿਰਗਾਵਲੀ-93