ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿੱਥੇ ਵੱਸਦੇ ਭੇਤ ਨਾ ਦੱਸਦੇ, ਏਦਾਂ ਜੀਣ ਆਸਾਨ ਨਹੀਂ।
ਨਾ ਬੋਲੋਗੇ ਤੁਰ ਜਾਵਾਂਗਾ ਮੈਂ ਐਸਾ ਮਹਿਮਾਨ ਨਹੀਂ।

ਦਸਤਕ ਦੇ ਦੋ ਮੁੜੇ ਮੁਸਾਫ਼ਿਰ, ਦੀਦ ਪਿਆਸੇ ਨੈਣ ਲਈ,
ਬੰਦ ਬੂਹੇ ਨੂੰ ਖੋਲ੍ਹ ਦਿਆ ਕਰ,ਘਟਦੀ ਫਿਰ ਵੀ ਸ਼ਾਨ ਨਹੀਂ।

ਸੁਰਮੇ ਵਾਂਗਰ ਪੀਸ ਕੇ ਪਾ ਲੈ, ਜਗਮਗ ਕਰਦੇ ਨੈਣਾਂ ਵਿੱਚ,
ਨੇਤਰ ਜੱਤ ਬਣਾਂ ਮੈਂ ਤੇਰੀ, ਇਸ ਤੋਂ ਵੱਧ ਸਨਮਾਨ ਨਹੀਂ।

ਗਰਦ ਗੁਬਾਰ ਹਨ੍ਹੇਰਾ ਮਨ ਦਾ, ਜਲ ਵੀ ਨਿਰਮਲ ਕਰਨਾ ਹੈ,
ਇਹ ਤਾਂ ਸਾਡੀ ਸਾਂਝੀ ਪੂੰਜੀ, ਦੂਜੇ ਤੇ ਅਹਿਸਾਨ ਨਹੀਂ।

ਰੂਹ ਦੀ ਮਿੱਟੀ ਤੜਫ਼ ਤੜਫ਼ ਕੇ ਦਰਸ ਦੀਦਾਰੇ ਮੰਗਦੀ ਹੈ,
ਰੱਬ ਦੇ ਵਾਂਗੂੰ ਲੁਕ ਛਿਪ ਬਹਿਣਾ, ਕੀਹ ਮੇਰਾ ਅਪਮਾਨ ਨਹੀਂ?

ਹਰ ਕਿਣਕੇ ਦੀ ਅਪਣੀ ਹਸਤੀ ਬਣਦੀ ਮਿਟਦੀ ਰਹਿੰਦੀ ਹੈ,
ਬਿਰਖ਼ ਬਰੂਟੇ ਦੱਸਣ ਹੁੰਦੀ ਕਿਸ ਮਿੱਟੀ ਵਿਚ ਜਾਨ ਨਹੀਂ।

ਬਿਨਾ ਆਵਾਜ਼ ਹੁੰਗਾਰੇ ਭਰਦੇ, ਫੁੱਲ ਪੱਤੇ, ਖੁਸ਼ਬੋਈਆਂ ਵੀ,
ਸਭ ਕੁਝ ਹੁੰਦਿਆਂ ਸੁੰਦਿਆਂ ਫਿਰ ਵੀ ਮਸਤੀ ਵਿਚ ਗਲਤਾਨ ਨਹੀਂ।

ਮਿਰਗਾਵਲੀ-92