ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਿਰਖ਼ ਬਰੂਟੇ ਚੀਕ ਰਹੇ ਨੇ ਕਿਉਂ ਨਹੀਂ ਸੁਣਦਾ ਮਾਲੀ ਨੂੰ।
ਦੋਸ਼ ਕਿਉਂ ਇਹ ਦੇਈ ਜਾਵੇ, ਹਰ ਪੱਤੇ ਹਰ ਡਾਲੀ ਨੂੰ।

ਦਿਨ ਦੀਵੀਂ ਕੀ ਨੇਰ੍ਹ ਪਿਆ ਤੇ ਰਖਵਾਲੇ ਵੀ ਨਾਲ ਮਿਲੇ,
ਲੈ ਫਰਨਾਹੀ ਚੀਰੀ ਜਾਵਣ ਸ਼ਾਮਲਾਟ ਦੀ ਟਾਹਲੀ ਨੂੰ।

ਬਲਦ ਖਲੋਤੇ ਬਿਰਖਾਂ ਥੱਲੇ, ਮਾਲਕ ਦੇ ਗਲ ਫਾਹੀਆਂ ਨੇ,
ਬਿਨ ਬੋਲਣ ਤੋਂ ਕੇਰਨ ਅੱਥਰੂ ਵੇਖ ਵੇਖ ਕੇ ਹਾਲੀ ਨੂੰ।

ਬੀਜਣ ਤੋਂ ਪਹਿਲਾਂ ਦਿਨ ਦੀਵੀਂ, ਖੇਤ ਲੁਟੇਰੇ ਲੁੱਟ ਲੈਂਦੇ,
ਕਿੱਦਾਂ ਤੁਰੀਏ ਰਾਤ ਬਰਾਤੇ ਫ਼ਸਲਾਂ ਦੀ ਰਖਵਾਲੀ ਨੂੰ।

ਸਾਡੇ ਪਿੰਡ ਪੁਆੜੇ ਪਾ ਗਈ, ਮਰ ਮਰ ਲੋਕੀਂ ਮੁੱਕ ਚੱਲੇ,
ਮੋਮੋਠਗਣੀ ਚੁੱਪ ਕਿਉਂ ਹੈ, ਪੁੱਛਿਓ ਬਾਰਾਂ ਤਾਲੀ ਨੂੰ।

ਰੁੱਖੇ ਸੁੱਕੇ ਟੁੱਕਰ ਨੂੰ ਵੀ ਕੈਦੋ ਝਪਟੀ ਮਾਰਨ ਪਏ,
ਹੀਰੇ ਚੁਰੀ ਕਦ ਦੇਵੇਗੀ, ਤੂੰ ਮੱਝੀਆਂ ਦੇ ਪਾਲੀ ਨੂੰ।

ਰਾਵੀ ਦਰਿਆ ਅੱਜ ਵੀ ਤਪਦਾ ਤੇਰੇ ਭਾਣੇ ਵਗਦਾ ਹੈ,
ਅੱਥਰੂ ਅੱਥਰੂ ਤਨ ਮਨ ਹੋ ਜੇ, ਚੇਤੇ ਕਰ ਸੰਤਾਲੀ ਨੂੰ।

ਮਿਰਗਾਵਲੀ-91