ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਜਣਾ ਤੇਰਾ ਬੋਲ ਤਿਖੇਰਾ, ਚੀਰ ਜਿਸਮ ਤੋਂ ਪਾਰ ਗਿਆ।
ਮੈਂ ਤਾਂ ਦੌੜ 'ਚ ਸ਼ਾਮਲ ਨਹੀਂ ਸਾਂ, ਕੌਣ ਕਹੇ ਮੈਂ ਹਾਰ ਗਿਆ।

ਕੀਤਾ ਸੀ ਵਿਸ਼ਵਾਸ ਬਥੇਰਾ, ਬੈਠੇ ਹੁਣ ਪਛਤਾਉਂਦੇ ਹਾਂ,
ਸਾਡੇ ਪੱਲੇ ਕੱਖ ਨਹੀਂ ਛੱਡਿਆ, ਜਾਹ ਤੇਰਾ ਇਤਬਾਰ ਗਿਆ।

ਸਾਬਤ ਕਦਮ, ਸਲਾਮਤ ਨਿਸ਼ਚਾ, ਨਾ ਡੋਲੇ ਨਾ ਥਿੜਕੇਗਾ,
ਜ਼ਹਿਰ ਪਰੁੱਚਾ ਭਾਵੇਂ ਤੇਰਾ, ਤੀਰ ਜਿਗਰ ਤੋਂ ਪਾਰ ਗਿਆ।

ਗਰਜਾਂ ਦਾ ਸੰਸਾਰ ਵਚਿੱਤਰ, ਸਾਬਤ ਬੰਦੇ ਖਾ ਜਾਂਦਾ,
ਬੜਾ ਬਹਾਦਰ ਸੁਣਦੇ ਸਾਂ ਜੋ ਅਣਖ਼ਾਂ ਸਣੇ ਡਕਾਰ ਗਿਆ।

ਤਲਖ਼ ਸਮੁੰਦਰ, ਚੜ੍ਹਿਆ, ਕੰਢਿਉਂ ਉੱਛਲਿਆ ਤੇ ਪਰਤ ਗਿਆ,
ਘੋਗੇ ਸਿੱਪੀਆਂ, ਮਾਣਕ ਮੋਤੀ, ਸਾਨੂੰ ਬਾਹਰ ਉਤਾਰ ਗਿਆ।

ਸੂਰਜ ਮੁਖੀਏ ਸਭ ਸੰਸਾਰੀ, ਘੁੰਮੀ ਜਾਂਦੇ ਫ਼ਿਰਕੀ ਵਾਂਗ,
ਓਧਰ ਪੂਛ ਘੁਮਾਉਂਦੇ ਪਿੱਛੇ, ਜਿੱਧਰ ਨੂੰ ਦਰਬਾਰ ਗਿਆ।

ਚਪਲ ਸਮੇਂ ਦੇ ਘੋੜੇ ਉੱਤੇ, ਮਾਰ ਪਲਾਕੀ ਬੈਠੇ ਸਾਂ,
ਸਫ਼ਰ ਮੁਕਾਉਣੋਂ ਪਹਿਲਾਂ ਸਾਨੂੰ, ਵਕਤ ਝਕਾਨੀ ਮਾਰ ਗਿਆ।

ਮਿਰਗਾਵਲੀ-90