ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਹਿਕਦਾ ਗੁਲਜ਼ਾਰ ਜਾਪੇ ਮਰ ਗਿਆ।
ਕੌਣ ਸਾਡੇ ਪਿੰਡ ਟੂਣਾ ਕਰ ਗਿਆ।

ਜਾਪਿਆ ਹਰ ਕੰਧ ਹੀ ਬੇਚੈਨ ਹੈ,
ਕੰਬਿਆ ਬੂਹਾ ਜਦੋਂ ਮੈਂ ਘਰ ਗਿਆ।

ਬਾਹਰਲੀ ਬੱਤੀ ਜਗਾ ਕੇ ਰੱਖਦਾਂ,
ਕਾਲਜਾ ਹੀ ਅੰਦਰੋਂ ਹੈ ਡਰ ਗਿਆ।

ਘਰ 'ਚ ਹੀ ਲੱਭੋ, ਪਛਾਣੋਂ ਆਪ ਹੀ,
ਕੌਣ ਜੋ ਉੱਗਦੀ ਅੰਗੂਰੀ ਚਰ ਗਿਆ।

ਡੁੱਬਣਾ ਖੌਰੇ ਕਦੋਂ ਇਹ ਦੋਸਤੋ,
ਪਾਪ ਦਾ ਭਾਂਡਾ ਚਿਰੋਕਾ ਭਰ ਗਿਆ।

ਮੈਂ ਤਾਂ ਐਵੇਂ ਇੱਕ ਪਲ ਲਈ ਮੌਨ ਸੀ,
ਭਰਮ ਸੀ ਤੇਰਾ ਕਿ ਮੈਂ ਹਾਂ ਹਰ ਗਿਆ।

ਵੇਖ ਲੈ ਭਖਿਆ ਤੇ ਮੁੜ ਕੇ ਸੁਰਖ਼ ਹੈ,
ਵਹਿਮ ਸੀ ਤੇਰਾ ਕਿ ਲੋਹਾ ਠਰ ਗਿਆ।

ਮਿਰਗਾਵਲੀ-89